ਕੇਂਦਰੀ ਸਕੀਮਾਂ ਦਾ ਮੁਲਾਂਕਣ ਕਰਨ ਲਈ ਹੁਸ਼ਿਆਰਪੁਰ ਪੁੱਜੀ ਭਾਰਤ ਸਰਕਾਰ ਦੀ ਨੈਸ਼ਨਲ ਲੈਵਲ ਮੋਨੀਟਰਿੰਗ (ਐਨ.ਐਲ.ਐਮ) ਟੀਮ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ ਅਤੇ ਸਕੀਮਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਵਿਕਾਸ ਕੁਮਾਰ ਅਤੇ ਸ਼ਿਵਮ ਰਾਧੇਰ ’ਤੇ ਆਧਾਰਿਤ ਇਸ ਟੀਮ ਵਲੋਂ ਅਧਿਕਾਰੀਆਂ ਨਾਲ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਟੀਮ 26 ਜਨਵਰੀ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰਹੇਗੀ ਅਤੇ ਇਸ ਵਲੋਂ 4 ਬਲਾਕਾਂ ਦੇ 10 ਪਿੰਡਾਂ ਦਾ ਦੌਰਾ ਕਰਕੇ ਕੇਂਦਰੀ ਸਕੀਮਾਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਤੇ 21 ਜਨਵਰੀ ਨੂੰ ਇਹ ਟੀਮ ਬਲਾਕ ਤਲਵਾੜਾ ਦੇ ਪਿੰਡ ਧੂਲਾਲ, ਬਹਿ ਲੱਖਣ, ਨਮੋਲੀ, 22 ਜਨਵਰੀ ਨੂੰ ਬਲਾਕ ਮੁਕੇਰੀਆਂ ਦੇ ਪਿੰਡ ਬੁੱਢਾਬੜ, 23 ਤੇ 24 ਜਨਵਰੀ ਨੂੰ ਬਲਾਕ ਗੜ੍ਹਸ਼ੰਕਰ ਦੇ ਪਿੰਡ ਚੁੱਕ ਗੁਜਰਾਂ, ਸਿੰਬਲੀ, ਵਾਹਿਦਪੁਰ ਅਤੇ ਮਿਤੀ 25 ਜਨਵਰੀ ਨੂੰ ਗਰਾਮ ਪੰਚਾਇਤ ਬਲਾਕ ਹੁਸ਼ਿਆਰਪੁਰ-1 ਦੇ ਪਿੰੰਡ ਆਦਮਵਾਲ, ਚੱਕ ਗੁਜਰਾਂ, ਪੰਡੋਰੀ ਬਾਵਾ ਦਾਸ ਦਾ ਦੌਰਾ ਕਰੇਗੀ। ਇਸ ਟੀਮ ਵਲੋਂ ਉਪਰੋਕਤ ਪਿੰਡਾਂ ਵਿਚ ਜਾ ਕੇ ਜ਼ਮੀਨੀ ਪੱਧਰ ’ਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਸਕੀਮਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਤੋਂ ਇਲਾਵਾ ਇਹ ਟੀਮ ਮਿਤੀ 24 ਜਨਵਰੀ ਨੂੰ ਹੀ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਦਾ ਮੁਲਾਂਕਣ ਕਰੇਗੀ।