ਚੱਬੇਵਾਲ ਜ਼ਿਮਨੀ ਚੋਣ

Punjab

ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ

ਹਰ ਪੱਖੋਂ ਪੁਖਤਾ ਇੰਤਜਾਮ ਕੀਤੇ: ਕੋਮਲ ਮਿੱਤਲ

ਚੱਬੇਵਾਲ ਦੇ ਵੋਟਰਾਂ ਲਈ ਉਦਯੋਗਿਕ ਇਕਾਈਆਂ ਵੱਲੋਂ ਪੇਡ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 19 ਨਵੰਬਰ: ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਅੱਜ ਚੋਣ ਅਮਲੇ ਦੀਆਂ 205  ਟੀਮਾਂ ਨੂੰ ਉਨ੍ਹਾਂ ਦੇ ਅਲਾਟ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ।

        ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸਥਾਨਕ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਪਹੁੰਚ ਕੇ ਚੋਣ ਅਮਲੇ ਨੂੰ ਚੋਣ ਡਿਊਟੀ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਸਮੁੱਚਾ ਚੋਣ ਅਮਲ ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿਚ ਕੁੱਲ 205 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਲਈ 205 ਟੀਮਾਂ ਨੂੰ ਈ.ਵੀ.ਐਮ ਅਤੇ ਹੋਰ ਚੋਣ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਟੀਮ ਵਿਚ 4 ਮੈਂਬਰ ਸ਼ਾਮਿਲ ਹਨ ਜਿਨ੍ਹਾਂ ਵਿਚ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਈਡਿੰਗ ਅਤੇ ਦੋ ਪੋਲਿੰਗ ਅਫ਼ਸਰ ਹੋਣਗੇ।

        ਵਿਧਾਨ ਸਭਾ ਹਲਕੇ ਦੇ ਸਮੂਹ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹੇ ਵਿਚ ਲੋਕਲ ਛੁੱਟੀ ਐਲਾਨੀ ਗਈ ਹੈ ਜਿਸ ਦੌਰਾਨ ਸਰਕਾਰ ਦਫ਼ਤਰ, ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਅਦਾਰੇ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਉਹ ਵੋਟਰ, ਜਿਹੜੇ ਰਜਿਸਟਰਡ ਫੈਕਟਰੀਆਂ ਆਦਿ ਵਿਚ ਕੰਮ ਕਰਦੇ ਹਨ, ਲਈ ਪੇਡ ਛੁੱਟੀ ਐਲਾਨੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਸੋਨਾਲੀਕਾ, ਹਾਕਿੰਸ, ਕੁਆਂਟਮ ਪੇਪਰ ਮਿੱਲ ਆਦਿ ਵੱਲੋਂ ਵੀ ਚੱਬੇਵਾਲ ਦੇ ਉਨ੍ਹਾਂ ਵੋਟਰਾਂ, ਜਿਹੜੇ ਇਨ੍ਹਾਂ ਇਕਾਈਆਂ ’ਚ ਕੰਮ ਕਰਦੇ ਹਨ, ਲਈ ਪੇਡ ਛੁੱਟੀ ਐਲਾਨੀ ਗਈ ਹੈ।

        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਦਰਸ਼ੀ, ਆਜ਼ਾਦਾਨਾ ਅਤੇ ਸ਼ਾਂਤਮਈ ਢੰਗ ਨਾਲ ਵੋਟਿੰਗ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਹਰ ਪੱਖੋਂ ਢੁਕਵੇਂ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 6 ਵਜੇ ਤੱਕ ਲਾਈਨਾਂ ਵਿਚ ਲੱਗੇ ਵੋਟਰਾਂ ਦੀ ਵੋਟ ਭੁਗਤਾਈ ਜਾਵੇਗੀ।

        ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ 1500 ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 650 ਚੱਬੇਵਾਲ ਹਲਕੇ ਵਿਚ ਡਿਊਟੀ ’ਤੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਫੋਰਸ ਗਸ਼ਤ, ਨਾਕਿਆਂ, ਨਾਈਟ ਡੋਮੀਨੇਸ਼ਨ ਅਤੇ ਚੈਕਿੰਗ ਲਈ ਵੀ ਤਾਇਨਾਤ ਕੀਤੀ ਗਈ ਹੈ। ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹਲਕੇ ਵਿਚ 25 ਸੰਵੇਦਨਸ਼ੀਨ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਥੇ ਸੁਰੱਖਿਆਂ ਪੱਖੋਂ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਆਸੀ ਪਾਰਟੀਆਂ ਨੂੰ ਪੋਲਿੰਗ ਸਟੇਸ਼ਨ ਤੋਂ 200 ਮੀਟਰ ਦੂਰੀ ’ਤੇ ਆਪਣੇ ਪੋਲਿੰਗ ਬੂਥ ਲਾਉਣ ਦੀ ਹਦਾਇਤ ਕੀਤੀ ਗਈ ਹੈ।

        ਜ਼ਿਕਰਯੋਗ ਹੈ ਕਿ ਚੱਬੇਵਾਲ ਹਲਕੇ ਵਿਚ ਕੁੱਲ 205 ਪੋਲਿੰਗ ਸਟੇਸ਼ਨ, 159432 ਵੋਟਰ ਜਿਨ੍ਹਾਂ ਵਿਚ 83704 ਪੁਰਸ਼, 75724 ਮਹਿਲਾ ਅਤੇ 4 ਟਰਾਂਸਜੈਂਡਰ ਵੋਟਰ ਸ਼ਾਮਿਲ ਹਨ।

ਕੈਪਸ਼ਨ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਪੋਲਿੰਗ ਪਾਰਟੀਆਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਹੋਰਨਾਂ ਅਧਿਕਾਰੀਆਂ ਸਮੇਤ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਸਮੇਂ ਜਾਇਜ਼ਾ ਲੈਂਦੇ ਹੋਏ।

Leave a Reply

Your email address will not be published. Required fields are marked *