ਡਿਪਟੀ ਕਮਿਸ਼ਨਰ ਵੱਲੋਂ ਸ਼ਾਂਤਮਈ ਵੋਟਿੰਗ ਲਈ ਵੋਟਰਾਂ ਦਾ ਧੰਨਵਾਦ

Punjab

ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਵੋਟਾਂ ਪਵਾਉਣ ਲਈ ਚੋਣ ਅਮਲੇ ਦੀ ਸ਼ਲਾਘਾ

ਸ਼ਾਮ 5 ਵਜੇ ਤੱਕ 48.01 ਫੀਸਦੀ ਵੋਟਿੰਗ ਦਰਜ

ਹੁਸ਼ਿਆਰਪੁਰ, 20 ਨਵੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਦੌਰਾਨ ਮੁਕੰਮਲ ਤੌਰ ’ਤੇ ਸ਼ਾਂਤਮਈ ਢੰਗ ਨਾਲ ਵੋਟਿੰਗ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ।

          ਐਸ.ਐਸ.ਪੀ ਸੁਰੇਂਦਰ ਲਾਂਬਾ ਸਮੇਤ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਵੋਟਿੰਗ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ ਤਾਇਨਾਤ ਚੋਣ ਅਮਲੇ ਅਤੇ ਸੁਰੱਖਿਆ ਕਰਮੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੋਣ ਅਮਲੇ ਵਲੋਂ ਈ.ਵੀ.ਐਮਜ਼ ਗਿਣਤੀ ਕੇਂਦਰ ਵਿਖੇ ਜਮ੍ਹਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ 23 ਨਵੰਬਰ (ਸ਼ਨੀਵਾਰ) ਨੂੰ ਸਥਾਨਕ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਵਿਖੇ ਲੋੜੀਂਦੇ ਇੰਤਜਾਮਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਵੋਟਾਂ ਦੀ ਗਿਣਤੀ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕੇ ਦੇ ਕੁੱਲ 205 ਪੋਲਿੰਗ ਸਟੇਸ਼ਨਾਂ ’ਤੇ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਵੋਟਾਂ ਪਈਆਂ । ਜ਼ਿਕਰਯੋਗ ਹੈ ਕਿ ਸਵੇਰੇ 9 ਵਜੇ ਤੱਕ 4.15 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ ਜਿਹੜੀ ਕਿ 11 ਵਜੇ 12.71 ਫੀਸਦੀ, ਦੁਪਹਿਰ 01:00 ਵਜੇ 27.95 ਫੀਸਦੀ ਅਤੇ ਸ਼ਾਮ 03:00 ਵਜੇ 40.25 ਫੀਸਦੀ ਸੀ। ਇਸੇ ਤਰ੍ਹਾਂ ਸ਼ਾਮ 05:00 ਵਜੇ ਤੱਕ 48.01 ਫੀਸਦੀ ਵੋਟਿੰਗ ਦਰਜ ਕੀਤੀ ਗਈ ਜਦਕਿ ਵੋਟਿੰਗ ਦੀ ਅੰਤਿਮ ਪ੍ਰਤੀਸ਼ਤਤਾ ਸਾਰੀ ਵੋਟਿੰਗ ਪ੍ਰਕਿਰਿਆ ਦੇ ਮੁਕੰਮਲ ਹੋਣ ਉਪਰੰਤ ਆਵੇਗੀ।

          ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਕਿਹਾ ਕਿ ਪੁਖਤਾ ਇੰਤਜਾਮ ਹੇਠ ਪੂਰਨ ਤੌਰ ’ਤੇ ਸ਼ਾਂਤਮਈ ਢੰਗ ਨਾਲ ਚੋਣ ਅਮਲ ਮੁਕੰਮਲ ਹੋਇਆ ਹੈ ਜਿਸ ਲਈ ਸਮੂਹ ਵੋਟਰ ਅਤੇ ਤਾਇਨਾਤ ਅਮਲਾ ਵਧਾਈ ਦਾ ਪਾਤਰ ਹੈ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਪੋਲਿੰਗ ਸਟੇਸ਼ਨਾਂ ਅਤੇ ਹੋਰ ਡਿਊਟੀਆਂ ’ਤੇ 700 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਥਾਵਾਂ ’ਤੇ ਵੀ ਢੁਕਵੀਂ ਗਿਣਤੀ ਵਿਚ ਪੁਲਿਸ ਫੋਰਸ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਵੋਟਿੰਗ ਦੌਰਾਨ ਹਲਕੇ ਅੰਦਰ ਅਮਨ-ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੀਕ-ਠਾਕ ਰਹੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ।

Leave a Reply

Your email address will not be published. Required fields are marked *