ਟਾਂਡਾ/ਹੁਸ਼ਿਆਰਪੁਰ, 9 ਦਸੰਬਰ:
ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੀਆਂ ਨੀਤੀਆਂ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਹਨ ਜੋ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸ਼ਿਤ ਭਾਰਤ ਬਣਾਉਣਾ ਉਨ੍ਹਾਂ ਦਾ ਵਿਜ਼ਨ ਹੈ ਪਰੰਤੂ ਉਨ੍ਹਾਂ ਦੀ ਅਗਵਾਈ ਅਤੇ ਨੀਤੀਆਂ ਸਦਕਾ ਭਾਰਤ ਇਸ ਮੀਲ ਪੱਥਰ ਨੂੰ ਬਹੁਤ ਪਹਿਲਾਂ ਹਾਸਲ ਕਰ ਸਕਦਾ ਹੈ।
ਕੇਂਦਰੀ ਰਾਜ ਮੰਤਰੀ ਅੱਜ ਹੁਸ਼ਿਆਰਪੁਰ ਦੇ ਪਿੰਡ ਓਹੜਪੁਰ ਵਿਖੇ ਭਾਰਤ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਦੇ ਕੁਝ ਲਾਭਪਾਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਹਿੱਸਾ ਬਣਨ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਵਿਸ਼ੇਸ਼ ਜਾਗਰੂਕਤਾ ਵੈਨਾਂ ਰਾਹੀਂ ਇਹ ਯਾਤਰਾ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਚੱਲ ਰਹੀ ਹੈ।
ਦੇਸ਼ ਦੀ ਸਮੁੱਚੀ ਪ੍ਰਗਤੀ ਬਾਰੇ ਪ੍ਰਧਾਨ ਮੰਤਰੀ ਦੇ ਰਿਕਾਰਡ ਕੀਤੇ ਭਾਸ਼ਣ ਅਤੇ ਲਾਭਪਾਤਰੀਆਂ ਦੀਆਂ ਕਹਾਣੀਆਂ, ਪੈਂਫਲੇਟਾਂ, ਕੈਲੰਡਰਾਂ ਅਤੇ ਛੋਟੀਆਂ ਕਿਤਾਬਾਂ ਦੇ ਰੂਪ ਵਿਚ ਜਾਗਰੂਕਤਾ ਸਮੱਗਰੀ ਨੂੰ ਦਰਸਾਉਂਦੀ ਐਲ.ਈ.ਡੀ ਸਕ੍ਰੀਨ ਵਾਲੀ ਵੈਨ ਵੀ ਸਮਾਗਮ ਵਾਲੇ ਸਥਾਨ ‘ਤੇ ਮੌਜੂਦ ਸੀ।
ਉਨ੍ਹਾਂ ਇਸ ਮੌਕੇ ਹਾਜ਼ਰ ਸਮੂਹ ਲੋਕਾਂ ਨੂੰ ਵਿਕਸ਼ਿਤ ਭਾਰਤ ਦਾ ਪ੍ਰਣ ਦਿਵਾਇਆ ਅਤੇ ਦੇਸ਼ ਦੀ ਸਰਬਪੱਖੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਪੰਜਾਬ ਵਿਚ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਨੇ ਜੀਵਨ ਅਤੇ ਸਮੁਦਾਇਆਂ ਨੂੰ ਬਦਲਣ ਵਿਚ ਕਮਾਲ ਦਾ ਕੰਮ ਕੀਤਾ ਹੈ। ਅੱਜ ਤੱਕ ਯਾਤਰਾ ਨੇ 1.25 ਲੱਖ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਵਾਲੀਆਂ ਲੱਗਭਗ 1300 ਗ੍ਰਾਮ ਪੰਚਾਇਤਾਂ ਨੂੰ ਕਵਰ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਵਿਕਸ਼ਿਤ ਭਾਰਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ ਜੋ ਕਿ ਜੀਵਨ ਦੇ ਹਰ ਖੇਤਰ ਦੇ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ।
ਸੋਮ ਪ੍ਰਕਾਸ਼ ਨੇ ਡਰੋਨ ਸਕੀਮ ਦੀ ਵਕਾਲਤ ਕਰਦਿਆਂ ਇਸ ਬਾਰੇ ਵਿਸਥਾਰ ਨਾਲ ਦੱਸਿਆ ਜੋ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਸਸ਼ਕਤ ਬਣਾਉਣ ਦੇ ਨਾਲ-ਨਾਲ ਪੁਰਾਣੇ ਅਭਿਆਸ ਦੇ ਮੁਕਾਬਲੇ ਬਹੁਤ ਘੱਟ ਪੈਸੇ ਵਿਚ ਸੰਤੁਲਿਤ ਅਨੁਪਾਤ ਵਿਚ ਨੈਨੋ ਖਾਦ ਦਾ ਛਿੜਕਾਅ ਵੀ ਕਰੇਗੀ। ਇਸ ਦੌਰਾਨ ਉਨ੍ਹਾਂ ਨੇੜੇ ਦੇ ਖੇਤ ਵਿਚ ਡਰੋਨ ਉਡਾਉਣ ਲਈ ਵੀ ਹੱਥ ਅਜ਼ਮਾਏ।
ਉਨ੍ਹਾਂ ਕਿਹਾ ਕਿ ਯਾਤਰਾ ‘ਹਮਾਰਾ ਸੰਕਲਪ ਵਿਕਸਿਤ ਭਾਰਤ’ ਮੁਹਿੰਮ ਦਾ ਇਕ ਅਨਿੱਖੜਵਾਂ ਅੰਗ ਹੈ ਜੋ ਦੇਸ਼ ਦੀ ਸਾਰੀ ਯੋਗ ਆਬਾਦੀ ਨੂੰ ਲਾਭ ਪ੍ਰਦਾਨ ਕਰਨ ਲਈ ਖੜ੍ਹੇ ਆਖਰੀ ਵਿਅਕਤੀ ਤੱਕ ਪਹੁੰਚਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ੍ਹ ਯੋਜਨਾ ਤਹਿਤ ਪੰਜਾਬ ਦੇ 1.50 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕੁਝ ਲਾਭਪਾਤਰੀਆਂ ਨੇ ਇਨ੍ਹਾਂ ਸਕੀਮਾਂ ਅਧੀਨ ਲਾਭ ਪ੍ਰਾਪਤ ਕਰਨ ਤੋਂ ਬਾਅਦ ‘ਮੇਰੀ ਕਹਾਨੀ ਮੇਰੀ ਜੁਬਾਨੀ’ ਤਹਿਤ ਆਪਣੀਆਂ ਕਹਾਣੀਆਂ ਵੀ ਸੁਣਾਈਆਂ। ਮੰਤਰੀ ਨੇ ਉਨ੍ਹਾਂ ਵਿਚੋਂ ਕੁਝ ਨਾਲ ਗੱਲਬਾਤ ਕੀਤੀ ਅਤੇ ਲਾਭਪਾਤਰੀਆਂ ਨੂੰ ਉੱਜਵਲਾ ਕੁਨੈਕਸ਼ਨ ਵੀ ਸੌਂਪਿਆ। ਰਾਜ ਵਿਚ, ਹੁਣ ਤੱਕ ਅਜਿਹੇ 4000 ਤੋਂ ਵੱਧ ਲਾਭਪਾਤਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।
ਇਸ ਮੌਕੇ ਕੇਂਦਰ ਸਰਕਾਰ ਦੇ ਕਈ ਵਿਭਾਗਾਂ ਨੇ ਫਾਰਮ ਭਰ ਕੇ ਅਤੇ ਆਧਾਰ ਕਾਰਡ ਅੱਪਡੇਟ ਕਰਕੇ ਮੌਕੇ ‘ਤੇ ਹੀ ਲਾਭ ਦੇਣ ਲਈ ਸਟਾਲ ਵੀ ਲਗਾਏ ਹੋਏ ਸਨ।