-ਰੋਜ਼ਾਨਾ ਯੋਗ ਕਰਕੇ ਲੋਕ ਪਾ ਰਹੇ ਹਨ ਬਿਮਾਰੀਆਂ ਤੋਂ ਛੁਟਕਾਰਾ
ਹੁਸ਼ਿਆਰਪੁਰ, 18 ਜੂਨ :ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਪੰਜਾਬ ਯੋਗਸ਼ਾਲਾ ਪ੍ਰਾਜੈਕਟ ਤਹਿਤ ਯੋਗ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ। ਇਸੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਵਿਖੇ ਵੱਖ-ਵੱਖ ਸਥਾਨਾਂ ’ਤੇ ਯੋਗ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਹ ਜਾਣਕਾਰ ਦਿੰਦਿਆਂ ਜ਼ਿਲ੍ਹਾ ਯੋਗ ਕੁਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਰਾਣਾ ਫਾਰਮ ਹਾਊਸ, ਪਿੰਡ ਫੱਤੂਵਾਲ ਵਿਚ ਯੋਗ ਦੀਆਂ ਕਲਾਸਾਂ ਗਰੁੱਪ ਲੀਡਰ ਇੰਦਰਾ ਰਾਣਾ ਦੀ ਅਗਵਾਈ ਵਿਚ ਯੋਗ ਟ੍ਰੇਨਰ ਸੁਰੇਸ਼ ਕੁਮਾਰ ਵੱਲੋਂ ਸਵੇਰੇ 5:50 ਤੋਂ ਸਵੇਰੇ 6:50 ਤੱਕ ਕਲਾਸਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਵਿਚ ਪਿੰਡ ਫੱਤੂਵਾਲ, ਕਾਲਾਮੰਝ, ਜਲਾਲਾ ਅਤੇ ਮੁਕੇਰੀਆਂ ਦੀਆਂ ਮਹਿਲਾਵਾਂ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਲਾਭ ਪ੍ਰਾਪਤ ਕਰ ਰਹੀਆਂ ਹਨ। ਇਨ੍ਹਾਂ ਵਿਚ ਵਧੇਰੇ ਮਹਿਲਾਵਾਂ ਸਰਵਾਈਕਲ, ਗੋਡਿਆਂ ਦੇ ਦਰਦ, ਵੱਧ ਭਾਰ, ਮਾਨਸਿਕ ਤਣਾਅ, ਨੀਂਦ ਨਾ ਆਉਣ ਤੋਂ ਪੀੜਤ ਸਨ, ਜਿਨ੍ਹਾਂ ਨੂੰ ਯੋਗ ਦੀਆਂ ਕਲਾਸਾਂ ਵਿਚ ਆਉਣ ਨਾਲ ਕਾਫੀ ਲਾਭ ਮਿਲਿਆ ਹੈ। ਇਨ੍ਹਾਂ ਵਿਚੋਂ ਯੋਗ ਸਾਧਕਾ ਨਿਸ਼ਾ, ਅਨੀਤਾ, ਮੀਨਾਕਸ਼ੀ, ਰੇਣੂ, ਪ੍ਰੀਤੀ, ਜੋਤੀ, ਬਬਲੀ, ਸੁਸ਼ਮਾ, ਤ੍ਰਿਸ਼ਲਾ, ਜਸਵਿੰਦਰ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਕਰੀਏ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਅਤੇ ਨਾਲ ਹੀ ਪੈਸੇ ਵੀ ਬਚਾ ਸਕਦੇ ਹਾਂ। ਜ਼ਿਲ੍ਹਾ ਯੋਗ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਪਾਸ ਯੋਗ ਕਲਾਸ ਕਰਨ ਦਾ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਟਰੇਂਡ ਇੰਸਟਰੱਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ ਜਾਂ ਇਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕੇਗਾ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਟੋਲ ਫਰੀ ਨੰਬਰ 7669400500 ’ਤੇ ਮਿਸ ਕਾਲ ਦੇ ਸਕਦੇ ਹਨ ਜਾਂ ਫ਼ਿਰ ਸੀ.ਐਮ ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲਾਗਇਨ ਕਰ ਸਕਦੇ ਹਨ।