ਮਾਤਾ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਲੰਗਰ ਕਮੇਟੀਆਂ ਤੇ ਸਮਾਜਿਕ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ : ਬ੍ਰਮ ਸ਼ੰਕਰ ਜਿੰਪਾ

Uncategorized

-ਵਿਧਾਇਕ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ, ਲੰਗਰ ਕਮੇਟੀਆਂ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

-ਲੋਕ ਨਿਰਮਾਣ ਵਿਭਾਗ ਅਤੇ ਨਿਗਮ ਨੂੰ ਮਾਤਾ ਚਿੰਤਪੁਰਨੀ ਰੋਡ ਨੂੰ ਜਾਣ ਵਾਲੇ ਸੜਕਾਂ ਦੇ ਟੋਇਆ ਨੂੰ ਤੁਰੰਤ ਭਰਨ ਦੇ ਦਿੱਤੇ ਨਿਰਦੇਸ਼

-ਕਿਹਾ, ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਲੰਗਰ ਕਮੇਟੀਆਂ ਚੁੱਕਣ ਢੁਕਵੇਂ ਕਦਮ

ਹੁਸ਼ਿਆਰਪੁਰ, 24 ਜੁਲਾਈ : 25 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ, ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਅਤੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਾਰੇ ਵਿਭਾਗਾਂ ਨੂੰ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਤੋਂ ਬਿਨਾਂ ਮਾਤਾ ਚਿੰਤਪੁਰਨੀ ਦੇ ਮੇਲੇ ਦੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ। ਇਸ ਲਈ ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੀ ਵਿਸ਼ੇਸ਼ ਲੋੜ ਹੈ।


      ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੇਲੇ ਦੌਰਾਨ ਲੰਗਰਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ 5 ਲੱਖ ਰੁਪਏ ਦੇ ਕਰੀਬ ਵਾਤਾਵਰਨ ਅਨੁਕੂਲ ਪਲੇਟਾਂ, ਗਲਾਸ ਅਤੇ ਚਮਚੇ ਉਨ੍ਹਾਂ ਲੰਗਰ ਸੁਸਾਇਟੀਆਂ ਨੂੰ ਉਪਲਬੱਧ ਕਰਵਾਏ ਜਾਣਗੇ, ਜੋ ਅਣਜਾਣੇ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ।  ਉਨ੍ਹਾਂ ਸਾਰੇ ਲੰਗਰ ਸੁਸਾਇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ। ਵਿਧਾਇਕ ਨੇ ਕਿਹਾ ਕਿ ਮਾਤਾ ਚਿੰਤਪੂਰਨੀ ਮੇਲੇ ‘ਤੇ ਲੰਗਰ ਲਗਾਉਂਦੇ ਸਮੇਂ ਸਫ਼ਾਈ ਵਿਵਸਥਾ ਬਰਕਰਾਰ ਰੱਖਣੀ ਵੀ ਯਕੀਨੀ ਬਣਾਈ ਜਾਵੇ, ਤਾਂ ਜੋ ਵਾਤਾਵਰਨ ਪ੍ਰਦੂਸ਼ਿਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਸਥਾਵਾਂ ਵਿਚਕਾਰ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ, ਤਾਂ ਜੋ ਸਾਂਝੇ ਯਤਨਾਂ ਰਾਹੀਂ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੁਚਾਰੂ ਆਵਾਜਾਈ ਲਈ ਸੰਸਥਾਵਾਂ ਸੜਕ ‘ਤੇ ਆ ਕੇ ਲੰਗਰ ਨਾ ਵੰਡਣ। ਉਨ੍ਹਾਂ ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਤਾ ਚਿੰਤਪੁਰਨੀ ਨੂੰ ਜਾਣ ਵਾਲੀਆਂ ਸੜਕਾਂ ‘ਤੇ ਪਏ ਟੋਇਆਂ ਨੂੰ ਤੁਰੰਤ ਭਰਿਆ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ।
     ਡਿਪਟੀ ਕਮਿਸ਼ਨਰ ਨੇ ਲੰਗਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਵਸਥਾ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਲੰਗਰ ਕਮੇਟੀਆਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ, ਲਾਊਡ ਸਪੀਕਰ ਦੇ ਲਈ ਲੰਗਰ ਕਮੇਟੀਆਂ ਐਸ.ਡੀ.ਐਮ ਦਫ਼ਤਰ ਵਿਚ ਅਪਲਾਈ ਜ਼ਰੂਰ ਕਰਨ ਤਾਂ ਜੋ ਪ੍ਰਸ਼ਾਸਨ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਕਮੇਟੀ ਨੇ ਕਿਥੇ ਲੰਗਰ ਲਗਾਇਆ ਹੈ। ਅਜਿਹਾ ਕਰਨ ਨਾਲ ਟ੍ਰੈਫਿਕ ਸਮੱਸਿਆ ਜਾਂ ਕਿਸੇ ਹੋਰ ਸਮੱਸਿਆ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਲੰਗਰ ਕਮੇਟੀ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਭਾਰ ਢੋਣ ਵਾਲੇ ਵਾਹਨਾਂ ਵਿਚ ਨਾ ਆਉਣ ਦੀ ਅਪੀਲ ਵੀ ਕੀਤੀ।
    ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਲੰਗਰ ਕਮੇਟੀਆਂ ਨੂੰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਵਿਚ ਸਹਿਯੋਗ ਦੇਣ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਚਿੰਤਪੁਰਨੀ ਰੋਡ ‘ਤੇ ਤਾਇਨਾਤ ਰਹਿਣਗੇ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਅਤੇ ਸੁਰੱਖਿਆ ਨੂੰ ਲੈ ਕੇ ਲੰਗਰ ਕਮੇਟੀਆਂ ਨਾਲ ਆਪਸੀ ਤਾਲਮੇਲ ਦੇ ਨਾਲ ਕੰਮ ਕੀਤਾ ਜਾਵੇਗਾ।

ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਸਫਾਈ ਵਿਵਸਥਾ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੇਗਾ। ਫਾਇਰ ਬ੍ਰਿਗੇਡ ਅਤੇ ਕਾਰਪੋਰੇਸ਼ਨ ਅਧੀਨ ਸੜਕਾਂ ‘ਤੇ ਪਏ ਟੋਇਆਂ ਨੂੰ ਵੀ ਤੁਰੰਤ ਭਰਿਆ ਜਾਵੇਗਾ। ਇਸ ਮੌਕੇ ਏ.ਡੀ.ਸੀ (ਵਿਕਾਸ) ਨਿਕਾਸ ਕੁਮਾਰ, ਏ.ਡੀ.ਸੀ (ਜ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਐਸ.ਪੀ ਡਾ. ਮੁਕੇਸ਼ ਕੁਮਾਰ, ਐਸ.ਪੀ ਨਵਨੀਤ ਕੌਰ ਗਿੱਲ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਆਰ.ਟੀ.ਓ ਅਮਨਦੀਪ ਕੌਰ ਘੁੰਮਣ, ਡੀ.ਐਸ.ਪੀ ਪਲਵਿੰਦਰ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਿਚ ਕ੍ਰਿਸ਼ਨ ਗੋਪਾਲ ਆਨੰਦ, ਭਾਰਤ ਭੂਸ਼ਣ ਵਰਮਾ, ਅਨੀਤ ਨਈਅਰ, ਸੰਦੀਪ ਸ਼ਰਮਾ, ਪ੍ਰਮੋਦ ਸ਼ਰਮਾ, ਅਸ਼ਵਨੀ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮਾਜਿਕ ਸੰਸਥਾਵਾਂ ਅਤੇ ਲੰਗਰ ਕਮੇਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Reply

Your email address will not be published. Required fields are marked *