ਜਲੰਧਰ ਸਥਿਤ ਵਜਰਾ ਕੋਰ ਦੀ ਅਗਵਾਈ ਵਿਚ ਗਣਤੰਤਰ ਦਿਵਸ ਸਬੰਧੀ ਭਾਰਤੀ ਸੈਨਾ ਵਲੋਂ ਤੋਪਚੀ ਸਾਬਕਾ ਸੈਨਿਕ ਸੀ.ਐਸ.ਡੀ ਕੈਂਟੀਨ ਕੈਂਪਿੰਗ ਗਰਾਊਂਡ ਵਿਚ ‘ਆਪਣੀ ਸੈਨਾ ਕੋ ਜਾਨੋ’ ਮਿਲਟਰੀ ਇਕਿਉਪਮੈਂਟ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ਕਿਹਾ ਕਿ ਰੋਸ਼ਨ ਭਵਿੱਖ ਤੇ ਦੇਸ਼ ਸੇਵਾ ਲਈ ਨੌਜਵਾਨ ਭਾਰਤੀ ਸੈਨਾ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਵਿਚ ਨੌਜਵਾਨਾਂ ਦਾ ਸੈਨਾ ਵਿਚ ਜਾਣ ਪ੍ਰਤੀ ਉਤਸ਼ਾਹ ਵੀ ਵੱਧਦਾ ਹੈ। ਉਨ੍ਹਾਂ ਕਿਹਾ ਕਿ ਮਿਲਟਰੀ ਇਕਿਉਪਮੈਂਟ ਡਿਸਪਲੇਅ ਸ਼ੋਅ ਵਿਚ ਅੱਜ ਜ਼ਿਲ੍ਹੇ ਦੇ ਸੈਂਕੜੇ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਨੌਜਵਾਨਾਂ ਨੇ ਹਿੱਸਾ ਲਿਆ ਹੈ। ਮਿਲਟਰੀ ਹਥਿਆਰ ਤੇ ਸਾਜ਼ੋ-ਸਾਮਾਨ ਦੀ ਇਸ ਪ੍ਰਦਰਸ਼ਨੀ ਨਾਲ ਪਤਾ ਲੱਗਦਾ ਹੈ ਕਿ ਸਾਡੀ ਸੈਨਾ ਦੇ ਕੋਲ ਕਿਸ-ਕਿਸ ਤਰ੍ਹਾਂ ਦੇ ਹਥਿਆਰ ਹਨ ਅਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਸੈਨਾ ਕਿੰਨੀ ਮਹਾਨ ਹੈ।
ਕੋਮਲ ਮਿੱਤਲ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਉਦੇਸ਼ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿਚ ਹੀ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਦੇ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਦੇਣ। ਇਸ ਪ੍ਰਦਰਸ਼ਨੀ ਨੂੰ ਸਾਬਕਾ ਸੈਨਿਕਾਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਸੀ.ਸੀ. ਕੈਡਿਟਾਂ ਨੇ ਵੱਡੀ ਗਿਣਤੀ ਵਿਚ ਦੇਖਿਆ।
ਜ਼ਿਕਰਯੋਗ ਹੈ ਕਿ ਭਾਰਤੀ ਸੈਨਾ ਦੀ ਤਾਕਤ ਨੂੰ ਇਸ ਮਿਲਟਰੀ ਇਕਿਉਪਮੈਂਟ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿਚ ਹਥਿਆਰ, ਤੋਪਖਾਨੇ, ਨਿਗਰਾਨੀ ਯੰਤਰ, ਵਿਸ਼ੇਸ਼ ਵਾਹਨ ਅਤੇ ਹੋਰ ਆਧੁਨਿਕ ਹਥਿਆਰ ਤੇ ਯੰਤਰ ਸ਼ਾਮਿਲ ਸਨ।