ਵਿਜੀਲੈਂਸ ਨੇ ‘ਭ੍ਰਿਸ਼ਟਾਚਾਰ ਵਿਰੁੱਧ ਚੌਕਸੀ : ਸਾਡੀ ਸਾਂਝੀ ਜ਼ਿੰਮੇਵਾਰੀ’ ਥੀਮ ਤਹਿਤ ਕਰਵਾਇਆ ਸੈਮੀਨਾਰ

Uncategorized

ਗੜ੍ਹਸ਼ੰਕਰ/ਹੁਸ਼ਿਆਰਪੁਰ, 29 ਅਕਤੂਬਰ : ‘ਭ੍ਰਿਸ਼ਟਾਚਾਰ ਵਿਰੁੱਧ ਚੌਕਸੀ : ਸਾਡੀ ਸਾਂਝੀ  ਜ਼ਿੰਮੇਵਾਰੀ’ ਥੀਮ ਤਹਿਤ
ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਵੱਲੋਂ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਸਪਤਾਹ ਤਹਿਤ ਅੱਜ ਉਪ-ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਮਨਦੀਪ ਸਿੰਘ ਦੀ ਅਗਵਾਈ ਹੇਠ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਐਸ.ਡੀ.ਐਮ ਗੜ੍ਹਸ਼ੰਕਰ ਸੰਜੀਵ ਕੁਮਾਰ ਨੇ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ, ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ‘ਤੇ ਮਿਹਨਤ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।


     ਉਪ-ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਮਨਦੀਪ ਸਿੰਘ ਨੇ ਇਸ ਮੌਕੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਸਹੁੰ ਚੁਕਾਈ। ਵਿਜੀਲੈਂਸ ਬਿਊਰੋ ਦੀ ਕਾਰਜਸ਼ੈਲੀ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੋਈ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਇਸ ਸਬੰਧੀ ਤੁਸੀਂ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕਰ ਸਕਦੇ ਹੋ ਜਾਂ ਉਸ ਅਧਿਕਾਰੀ/ਕਰਮਚਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਵਿਜੀਲੈਂਸ ਵਿਭਾਗ ਪਾਸ ਗ੍ਰਿਫ਼ਤਾਰ ਕਰਵਾ ਸਕਦੇ ਹੋ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800-1800-1000, ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 95012-00200 ਅਤੇ ਵੈੱਬਸਾਈਟ www.vigilancebureau.punjab.gov.in ‘ਤੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਸੈਮੀਨਾਰ ਵਿਚ ਸ਼ਾਮਿਲ ਕਾਲਜ ਦੇ ਡਾਇਰੈਕਟਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਿਚ ਇਕਜੁੱਟ ਹੋ ਕੇ ਦੇਸ਼ ਪ੍ਰਤੀ ਵਚਨਬੱਧ ਰਹਿਣ ਲਈ ਜਾਗਰੂਕ ਹੋ ਕੇ ਵਿਜੀਲੈਂਸ ਬਿਊਰੋ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।


     ਇਸ ਮੌਕੇ ਵਿਜੀਲੈਂਸ ਵਿਭਾਗ ਨੂੰ ਭ੍ਰਿਸ਼ਟਾਚਾਰ ਸਬੰਧੀ ਇਤਲਾਹ ਦੇਣ ਸਬੰਧੀ ਟੋਲ ਫ੍ਰੀ ਨੰਬਰ,ਐਕਸ਼ਨ ਹੈਲਪ ਲਾਈਨ ਨੰਬਰ, ਡੀ.ਐਸ.ਪੀ ਵਿਜੀਲੈਂਸ ਹੁਸ਼ਿਆਰਪੁਰ ਦਾ ਨੰਬਰ ਅਤੇ  ਐਸ.ਐਸ.ਪੀ ਵਿਜੀਲੈਂਸ ਰੇਂਜ ਜਲੰਧਰ ਦੇ ਸੰਪਰਕ ਨੰਬਰਾਂ ਵਾਲੇ ਪੈਂਫਲਿਟ ਵੀ ਵੰਡੇ ਗਏ।
      ਇਸ ਮੌਕੇ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਸਾਕਸ਼ੀ ਸ਼ਰਮਾ, ਐਸ.ਐਚ.ਓ ਗੜ੍ਹਸ਼ੰਕਰ ਗੁਰਪ੍ਰੀਤ ਸਿੰਘ ਸੇਖੋਂ, ਈ.ਓ ਮਦਨ ਸਿੰਘ, ਸਕੱਤਰ ਮਾਰਕੀਟ ਕਮੇਟੀ ਗੜ੍ਹਸ਼ੰਕਰ ਵਰਿੰਦਰ ਕੁਮਾਰ, ਪ੍ਰਿਸੀਪਲ ਅਮਨਦੀਪ ਹੀਰਾ ਤੋਂ ਇਲਾਵਾ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ/ਕਰਮਚਾਰੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *