ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਕੇਦਰੀ ਜੇਲ੍ਹ, ਹੁਸ਼ਿਆਰਪੁਰ ਅੰਦਰ ਬੰਦ ਹਵਾਲਾਤੀਆਂ ਦੀਆਂ ਬੈਰਕਾਂ ਨੂੰ ਚੈੱਕ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਨੂੰ ਜੇਲ਼੍ਹ ਅੰਦਰ ਸਾਫ-ਸਫਾਈ ਰੱਖਣ ਲਈ ਵੀ ਕਿਹਾ ਗਿਆ, ਇਸ ਦੇ ਨਾਲ ਹੀ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਜੇਲ੍ਹ ਅੰਦਰ ਬੰਦ ਕੈਦੀ ਅਤੇ ਹਵਾਲਾਤੀ ਔਰਤਾਂ ਨਾਲ ਲੌਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਕੈਦੀ ਅਤੇ ਹਵਾਲਾਤੀ ਔਰਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰੋ ਤਾਂ ਜੋ ਉਨ੍ਹਾਂ ਦਾ ਭਵਿੱਖ ਬਿਹਤਰ ਹੋ ਸਕੇ ਅਤੇ ਨਾਲ ਹੀ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸੁਪਰਡੈਂਟ, ਕੇਂਦਰੀ ਜੇਲ, ਹੁਸ਼ਿਆਰਪੁਰ ਨੂੰ ਜੇਲ੍ਹ ਵਿੱਚ ਲੱਗਣ ਵਾਲੀ ਕੈਂਪ ਕੋਰਟ, ਜੋ ਕਿ ਮਿਤੀ 11.02.2023 ਨੂੰ ਲਗਾਈ ਜਾਣੀ ਹੈ ਅਤੇ ਮੈਡੀਕਲ ਕੈਂਪ, ਜੋ ਕਿ ਮਿਤੀ 19.01.2023 ਨੂੰ ਲਗਾਇਆ ਜਾਣਾ ਹੈ, ਸਬੰਧੀ ਦੱਸਿਆ ਗਿਆ।
ਇਸ ਮੌਕੇ ਅਨੁਰਾਗ ਕੁਮਾਰ ਆਜ਼ਾਦ, ਸੁਪਰਡੈਂਟ ਕੇਂਦਰੀ ਜੇਲ੍ਹ, ਹੁਸ਼ਿਆਰਪੁਰ, ਅੰਮ੍ਰਿਤਪਾਲ ਸਿੰਘ ਡਿਪਟੀ ਸੁਪਰਡੈਂਟ, ਸਰਬਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਜਸਵਿੰਦਰ ਸਿੰਘ ਕੋਆਰਡੀਨੇਟਰ ਹਾਜ਼ਰ ਸਨ।