ਸੜਕ ਸੁਰੱਖਿਆ ਸਪਤਾਹ ਤਹਿਤ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਪ੍ਰਦੀਪ ਸਿੰਘ ਢਿੱਲੋਂ ਨੇ ਵਾਹਨਾਂ ਨੂੰ ਜਿਥੇ ਰਿਫਲੈਕਟਰ ਲਗਾਏ, ਉਥੇ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਦੀ ਮੁਫ਼ਤ ਪ੍ਰਦੁਸ਼ਣ ਜਾਂਚ ਵੀ ਕਰਵਾਈ। ਉਨ੍ਹਾਂ ਕਿਹਾ ਕਿ ਹਰ ਵਾਹਨ ’ਤੇ ਰਿਫਲੈਕਟਰ ਲਗਾ ਹੋਣਾ ਜ਼ਰੂਰੀ ਹੈ ਕਿਉਂਕਿ ਵਾਹਨਾਂ ’ਤੇ ਰਿਫਲੈਕਟਰ ਨਾ ਹੋਣ ਕਾਰਨ ਹਨੇਰੇ ਅਤੇ ਧੁੰਦ ਵਿਚ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ 17 ਜਨਵਰੀ ਤੱਕ ਜ਼ਿਲ੍ਹੇ ਵਿਚ ਸੜਕ ਸੁਰੱਖਿਆ ਸਪਤਾਹ ਤਹਿਤ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਜਿਥੇ ਗਗਨ ਪ੍ਰਦੂਸ਼ਣ ਚੈਕ ਸੈਂਟਰ ਚੰਡੀਗੜ੍ਹ ਰੋਡ ਵਿਖੇ ਕਰੀਬ 250 ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਦੀ ਮੁਫ਼ਤ ਪ੍ਰਦੂਸ਼ਣ ਜਾਂਚ ਕਰਵਾਈ, ਉਥੇ ਟਰੈਕਟਰਾਂ, ਟਾਟਾ ਅੇਸ ਤੇ ਹੋਰ ਵਾਹਨਾਂ ’ਤੇ ਵੀ 300 ਦੇ ਕਰੀਬ ਰਿਫਲੈਕਟਰ ਲਗਾਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਲੋਕਾਂ ਵਿਚ ਟੈ੍ਰਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀਆਂ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੈ੍ਰਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹੀ ਸੜਕ ਹਾਦਸੇ ਹੁੰਦੇ ਹਨ, ਇਸ ਲਈ ਟੈ੍ਰਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਗਗਨਦੀਪ ਸਿੰਘ ਆਹਲੂਵਾਲੀਆ, ਬੰਟੀ ਜੁਲਕਾ, ਜਤਿੰਦਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।