4 ਮਾਰਚ ਨੂੰ ਲਿਟਰੇਰੀ ਫੈਸਟੀਵਲ ਦੇ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੀ ਜਾਏਗੀ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ

Punjab

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 4 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਲਿਟਰੇਰੀ ਸੁਸਾਇਟੀ ਦੇ ਸਹਿਯੋਗ ਨਾਲ ‘ਹੁਸ਼ਿਆਰਪੁਰ ਲਿਟ ਫੈਸਟ 2023’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਰੈੱਡ ਕ੍ਰਾਸ ਬਿਲਡਿੰਗ ਦੇ ਸਾਹਮਣੇ ਤਿਆਰ ਕੀਤੀ ਗਈ ਡਿਜੀਟਲ ਲਾਇਬ੍ਰੇਰੀ ਦੇ ਲੋਕ ਅਰਪਣ ਦੇ ਨਾਲ ਹੀ ਉਥੇ ਇਸ ਲਿਟਰੇਰੀ ਫੈਸਟੀਵਲ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸੂਚਨਾ ਕਮਿਸ਼ਨਰ ਪੰਜਾਬ ਖੁਸ਼ਵੰਤ ਸਿੰਘ ਦੀ ਮੌਜੂਦਗੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਵਿਚ ਡਿਜੀਟਲ ਮਾਧਿਅਮ ਰਾਹੀਂ ਸਾਰਾ ਕੰਟੈਂਟ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦੀ ਮੈਂਬਰਸ਼ਿਪ ਮਾਮੂਲੀ ਰੱਖੀ ਗਈ ਹੈ ਤਾਂ ਜੋ ਕੋਈ ਵੀ ਇਸ ਲਾਇਬ੍ਰੇਰੀ ਦਾ ਲਾਭ ਲੈ ਸਕੇ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿਚ ਲੈਪਟਾਪ ਅਤੇ ਟੈਬ ਵਰਗੇ ਆਧੁਨਿਕ ਗੈਜੇਟਸ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਸ ਅਤੇ ਬੱਚਿਆਂ ਲਈ ਇਥੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮਾਪੇ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਲਾਇਬ੍ਰੇਰੀ ਵਿਚ ਆ ਸਕਦੇ ਹਨ।


ਇਸ ਦੌਰਾਨ ਸੂਚਨਾ ਕਮਿਸ਼ਨਰ ਪੰਜਾਬ ਖੁਸ਼ਵੰਤ ਸਿੰਘ ਅਤੇ ਹੁਸ਼ਿਆਰਪੁਰ ਲਿਟਰੇਰੀ ਸੁਸਾਇਟੀ ਦੀ ਪ੍ਰਧਾਨ ਸਨਾ ਕੇ. ਗੁਪਤਾ ਨੇ ਦੱਸਿਆ ਕਿ 4 ਮਾਰਚ ਨੂੰ ਸਵੇਰੇ 10.30 ਵਜੇ ਡਿਜੀਟਲ ਲਾਇਬ੍ਰੇਰੀ ਦੇ ਉਦਘਾਟਨ ਤੋਂ ਬਾਅਦ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ‘ਪੜ੍ਹਦਾ ਪੰਜਾਬ ਵਧਦਾ ਪੰਜਾਬ’ ਥੀਮ ਹੋਣ ਵਾਲੇ ‘ਹੁਸ਼ਿਆਰਪੁਰ ਲਿਟ ਫੈਸਟ 2023’ ਵਿਚ ਦੇਸ਼ ਦੇ ਨਾਮੀ ਲੇਖਕ ਅਤੇ ਪੱਤਰਕਾਰ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿਚ ਲੇਖਕ ਤੇ ਫਿਲਮ ਮੇਕਰ ਅਮਰਦੀਪ ਸਿੰਘ, ਲੇਖਕ ਤੇ ਸਾਬਕਾ ਰਾਅ ਚੀਫ ਏ. ਐਸ. ਦੁੱਲਤ, ਪੱਤਰਕਾਰ ਤੇ ਸਾਬਕਾ ਵਿਧਾਇਕ ਕੰਵਰ ਸੰਧੂ, ਲੇਖਕ ਤੇ ਸਾਬਕਾ ਰਾਜਦੂਤ ਨਵਤੇਜ ਸਰਨਾ, ਲੇਖਕ ਤੇ ਸਾਬਕਾ ਸੈਨਾ ਅਧਿਕਾਰੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ. ਜੇ. ਐਸ ਢਿੱਲੋਂ, ਹਿੰਦੁਸਤਾਨ ਟਾਈਮਜ਼ ਦੇ ਕਾਰਜਕਾਰੀ ਸੰਪਾਦਕ ਰਮੇਸ਼ ਵਿਨਾਇਕ, ਲੇਖਕਾ, ਕਵਿੱਤਰੀ ਤੇ ਪੱਤਰਕਾਰ ਨਿਰੂਪਮਾ ਦੱਤ ਜਿਹੀਆਂ ਸ਼ਖਸੀਅਤਾਂ ਸ਼ਾਮਿਲ ਹਨ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਰ੍ਹਾਂ ਦੇ ਇਸ ਵਿਸ਼ੇਸ਼ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਕੇ ਇਨ੍ਹਾਂ ਲੇਖਕਾਂ ਅਤੇ ਪੱਤਰਕਾਰਾਂ ਦੇ ਵਿਚਾਰ ਜ਼ਰੂਰ ਸੁਣਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਲਿਟਰੇਰੀ ਸੁਸਾਇਟੀ ਵੱਲੋਂ ਜ਼ਿਲ੍ਹੇ ਵਿਚ ਇਹ ਤੀਸਰਾ ਲਿਟ ਫੈਸਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ ਅਤੇ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਮੌਜੂਦ ਸਨ।

Leave a Reply

Your email address will not be published. Required fields are marked *