ਹੁਸ਼ਿਆਰਪੁਰ, 14 ਨਵੰਬਰ (ਪੰਚਾਇਤ ਬਾਣੀ)- ਸ਼੍ਰੀ ਦਿਲਬਾਗ ਸਿੰਘ ਜੌਹਲ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼ੀ੍ਰਮਤੀ ਅਪਰਾਜਿਤਾ ਜੋਸ਼ੀ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਅੱਜ ਬਾਲ ਦਿਵਸ ਮੌਕੇ ਸੁੰਦਰ ਨਗਰ ਸਲੱਮ ਏਰੀਆ ਹੁਸ਼ਿਆਰਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਚਿਲਡਰਨ ਹੋਮ ਅਤੇ ਜੁਵੇਨਾਈਲ ਹੋਮ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਚਿਲਡਰਨ ਹੋਮ ਦੇ ਬੱਚਿਆਂ ਨੇ ਪੇਟਿੰਗ ਅਤੇ ਚਾਰਟ ਮੇਕਿੰਗ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਅਤੇ ਸ਼ੀ੍ਰਮਤੀ ਅਪਰਾਜਿਤਾ ਜੋਸ਼ੀ ਨੇ ਕਾਪੀਆਂ ਤੇ ਪੈਨਸਲਾਂ ਦੇ ਕੇ ਬੱਚਿਆਂ ਦਾ ਹੌਂਸਲਾ ਵਧਾਇਆ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਚੰਗੇ ਕੰਮ ਕਰਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਇਸ ਦੇ ਨਾਲ ਹੀ ਜੁਵੇਨਾਈਲ ਹੋਮ ਦੇ ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਿਹਾ ਗਿਆ ਕਿ ਜ਼ਿੰਦਗੀ ਵਿਚ ਕੋਈ ਵੀ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਸਮੱਸਿਆਵਾਂ ਆਉਣ। ਜ਼ਿੰਦਗੀ ਨੂੰ ਖੁਸ਼ਹਾਲ ਰੱਖਣ ਲਈ ਹਮੇਸ਼ਾ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸੇ ਤਰ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੋਲ੍ਹੇ ਗਏ ਲੀਗਲ ਲਿਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਨੇ ਅੱਜ ਬਾਲ ਦਿਵਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲਿਆ, ਜਿਸ ਵਿਚ ਸਲੋਗਨ ਰਾਈਟਿੰਗ, ਚਾਰਟ ਮੇਕਿੰਗ, ਪੇਟਿੰਗ ਅਤੇ ਗਿੱਧਾ ਆਦਿ ਸ਼ਾਮਲ ਸੀ।
ਇਸ ਮੌਕੇ ਸੁਪਰਡੰਟ ਓਬਰਜ਼ਰਵੇਸ਼ਨ ਹੋਮ ਨਰੇਸ਼ ਕੁਮਾਰ, ਸੁਪਰਡੰਟ ਚਿਲਡਰਨ ਹੋਮ ਰੀਨਾ ਰਾਣੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਪਵਨ ਕੁਮਾਰ ਹਾਜ਼ਰ ਸਨ।