ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਾਲ 2023-24 ਲਈ 7501.65 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਬਜਟ ਨਾਲੋਂ ਕਰੀਬ 15 ਫੀਸਦੀ ਵੱਧ ਹੈ। ਇਹ ਜਾਣਕਾਰੀ ਮੇਅਰ ਸੁਰਿੰਦਰ ਕੁਮਾਰ ਨੇ ਡਾ: ਬੀ. ਆਰ. ਅੰਬੇਡਕਰ ਮੀਟਿੰਗ ਹਾਲ ਨਗਰ ਨਿਗਮ ਵਿਖੇ ਬਜਟ ਸਬੰਧੀ ਆਯੋਜਿਤ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਨਿਗਮ ਇੰਜਨੀਅਰ ਕੁਲਦੀਪ ਸਿੰਘ, ਲੇਖਾਕਾਰ ਰਜਿੰਦਰ ਕੁਮਾਰ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀ ਅਤੇ ਕੌਂਸਲਰ ਹਾਜ਼ਰ ਸਨ।
ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2023-24 ਲਈ ਵਿਕਾਸ ਕਾਰਜਾਂ ਲਈ 2363.05 ਲੱਖ ਰੁਪਏ, ਅਮਲੇ ਲਈ 4849.90 ਲੱਖ ਰੁਪਏ ਅਤੇ ਕੰਟੀਜੈਂਸੀ ਲਈ 288.70 ਲੱਖ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ। ਜਿਸ ਅਨੁਸਾਰ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਕਿ ਸੜਕਾਂ, ਡਰੇਨੇਜ, ਸਲੱਮ ਏਰੀਆ ਅਤੇ ਹੋਰ ਵਿਕਾਸ ਕਾਰਜਾਂ ਲਈ ਇਹ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਜਟ ਵਿੱਚ ਵਿਕਾਸ ਕਾਰਜਾਂ ਲਈ ਰੱਖੇ ਫੰਡਾਂ ਅਤੇ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਰਬਪੱਖੀ ਵਿਕਾਸ ਕੀਤਾ ਜਾਵੇਗਾ।