ਈਕੋ ਫਰੈਂਡਲੀ ਟੂਰਿਜ਼ਮ ਵਜੋਂ ਉਭਰੇਗਾ ਹੁਸ਼ਿਆਰਪੁਰ : ਲਾਲ ਚੰਦ ਕਟਾਰੂਚੱਕ

Business Punjab Travel

ਜੰਗਲਾਤ ਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਈਕੋ ਫਰੈਂਡਲੀ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥਾਨਾ ਡੈਮ ਵਿਚ ਸਥਾਪਿਤ ਥਾਨਾ ਨੇਚਰ ਰੀਟਰੀਟ ਅਤੇ ਜੰਗਲ ਸਫਾਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਹੁਸ਼ਿਆਰਪੁਰ ਦੀਆਂ ਹੋਰਨਾਂ ਥਾਵਾਂ ’ਤੇ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਜਾ ਰਹੀ ਹੈ। ਉਹ ਅੱਜ ਨਵੀਨੀਕਰਨ ਕੀਤੇ ਗਏ ਚੌਹਾਲ ਵਿਸ਼ਰਾਮ ਘਰ ਦਾ ਉਦਘਾਟਨ ਕਰਨ ਉਪਰੰਤ ਨੇਚਰ ਅਵੇਅਰਨੈਸ ਕੈਂਪ ਸਾਈਟ ਅਤੇ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ, ਪ੍ਰਧਾਨ ਮੁੱਖ ਵਣ ਪਾਲ ਆਰ.ਕੇ. ਮਿਸ਼ਰਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਾਲਾ, ਹਰਵਿੰਦਰ ਸਿੰਘ ਬਖਸ਼ੀ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਅਤੇ ਵਣ ਪਾਲ ਨਾਰਥ ਸਰਕਲ ਡਾ. ਸੰਜੀਵ ਕੁਮਾਰ ਤਿਵਾੜੀ ਵੀ ਮੌਜੂਦ ਸਨ।
ਵਣ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਚੌਹਾਲ ਡੈਮ ਨੂੰ ਈਕ ਫਰੈਂਡਲੀ ਟੂਰਿਸਟ ਸਪਾਟ ਦੇ ਤੌਰ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਨੇਚਰ ਅਵੇਅਰਨੈਸ ਕੈਂਪ ਬਣਾ ਕੇ ਈਕ ਫਰੈਂਡਲੀ ਹੱਟਸ ਤਿਆਰ ਕੀਤੀ ਜਾਵੇਗੀ, ਉਥੇ ਜੰਗਲ ਸਫ਼ਾਰੀ ਲਈ ਨੇਚਰ ਟਰੇਲ ਟਰੈਕ ਵੀ ਤਿਆਰ ਕੀਤਾ ਜਾਵੇਗਾ, ਤਾਂ ਜੋ ਨਾ ਸਿਰਫ਼ ਜ਼ਿਲ੍ਹੇ ਬਲਕਿ ਹੋਰ ਜ਼ਿਲਿ੍ਹਆਂ ਦੇ ਲੋਕ ਵੀ ਇਸ ਸੁੰਦਰ ਸਥਾਨ ਦਾ ਆਨੰਦ ਲੈ ਸਕਣ। ਇਸ ਦੌਰਾਨ ਤੱਖਣੀ ਵਾਈਲਡ ਲਾਈਫ ਸੈਂਚੁਰੀ ਦਾ ਦੌਰਾ ਕਰਦੇ ਹੋਏ ਵਣ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਜੰਗਲੀ ਜੀਵਾਂ ਪ੍ਰਤੀ ਜਾਗਰੂਕ ਕਰਨ ਲਈ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਸੈਰ ਸਪਾਟੇ ਨੂੰ ਬੜਾਵਾ ਦੇਣ ਵਾਲੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿਚ ਜੰਗਲ ਸਫ਼ਾਰੀ ਮੁੱਖ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵਣ ਵਿਭਾਗ ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸੈਰ ਸਪਾਟੇ ਦੀ ਦ੍ਰਿਸ਼ਟੀ ਵਿਚ ਤੱਖਣੀ ਵਾਈਲਡ ਲਾਈਫ ਸੈਂਚੁਰੀ ਵਿਚ ਵੀ ਦੂਰ-ਦੁਰਾਡੇ ਤੋਂ ਸੈਲਾਨੀ ਆਉਣਗੇ। ਇਸ ਮੌਕੇ ਡੀ.ਐਫ.ਓ ਹੁਸ਼ਿਆਰਜਪੁਰ ਅਮਨੀਤ ਸਿੰਘ, ਡੀ.ਐਫ.ਓ ਵਾਈਲਡ ਲਾਈਫ ਰਾਜੇਸ਼ ਮਹਾਜਨ, ਰੇਂਜ ਅਫ਼ਸਰ ਜਤਿੰਦਰ ਰਾਣਾ, ਸੰਜੀਵ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *