ਜ਼ਿਲ੍ਹੇ ’ਚ ਜਲਦ ਸਥਾਪਤ ਕੀਤੇ ਜਾਣਗੇ 33 ਨਵੇਂ ਆਮ ਆਦਮੀ ਕਲੀਨਿਕ : ਕੈਬਨਿਟ ਮੰਤਰੀ ਜਿੰਪਾ

Hoshiarpur Punjab Tech

ਹੁਸ਼ਿਆਰਪੁਰ, 24 ਨਵੰਬਰ (ਪੰਚਾਇਤ ਬਾਣੀ )- ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਫਲਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਜ਼ਿਲ੍ਹੇ ਵਿੱਚ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਰਾਹੀਂ ਬਿਹਤਰ ਸਿਹਤ ਸੇਵਾਵਾਂ ਦੇਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜ਼ਿਲ੍ਹੇ ਵਿੱਚ ਂ ਜਲਦੀ ਹੀ 33 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 31 ਪੇਂਡੂ ਅਤੇ 2 ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਚੱਲ ਰਹੇ 8 ਕਾਮਨ ਕਲੀਨਿਕਾਂ ਵਿਚ ਲੋਕਾਂ ਨੂੰ ਕਾਫੀ ਲਾਭ ਮਿਲਿਆ ਹੈ, ਇਹੀ ਕਾਰਨ ਹੈ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਦੇ ਹੋਰ ਖੇਤਰਾਂ ਵਿਚ ਵੀ ਇਸ ਤਰ੍ਹਾਂ ਦੀਆਂ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਖੁੱਲ੍ਹਣ ਤੋਂ ਬਾਅਦ ਜ਼ਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 41 ਹੋ ਜਾਵੇਗੀ।


  ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਤਿਆਰ ਕਰਨ ਸਬੰਧੀ ਪ੍ਰਸ਼ਾਸਨਿਕ ਪੱਧਰ ’ਤੇ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਜ਼ਿਲ੍ਹੇ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਖੋਲ੍ਹੇ ਜਾਣਗੇ। ਸ਼ਹਿਰੀ ਖੇਤਰ ਵਿਚ ਇਹ ਕਲੀਨਿਕ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਸਲਾਮਾਬਾਦ ਅਤੇ ਪੁਰਹੀਰਾਂ ਵਿੱਚ ਖੋਲ੍ਹੇ ਜਾਣਗੇ,  ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਪ੍ਰਾਇਮਰੀ ਹੈਲਥ ਸੈਂਟਰ ਜਨੌੜੀ, ਬਹਿਬਲਮੰਜ, ਭੰਗਾਲਾ, ਚਨੌਰ, ਟਾਂਡਾ ਰਾਮ ਸਹਾਏ, ਬਾਗਪੁਰ, ਬੁੱਲੋਵਾਲ, ਚੱਕੋਵਾਲ, ਸੂਸ, ਦਾਤਾਰਪੁਰ, ਬੱਡਲਾ, ਚੱਬੇਵਾਲ, ਜੱਲੋਵਾਲ, ਮਹਿਲਾਂਵਾਲੀ, ਫੁਗਲਾਣਾ, ਘੋਗਰਾ, ਖੁਣਖੁਣ ਕਲਾਂ, ਅਜਨੋਹਾ, ਬਰਿਆਣਾ ਕਲਾਂ, ਜੇਜੋਂ, ਪਾਲਦੀ, ਸਰਹਾਲਾ ਕਲਾਂ, ਬਠਲ, ਬਿੰਜੋ, ਪਦਰਾਣਾ, ਪਨਾਮ, ਰਾਮਪੁਰ ਬਿਲੜੋਂ, ਕੰਧਾਲਾ ਸ਼ੇਖਾਂ ਅਤੇ ਮਿਆਣੀ ਵਿੱਚ ਖੁੱਲ੍ਹਣਗੇ।
  ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦੀ ਅੱਜ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ ਕਿਉਂਕਿ ਇਹ ਸਿਹਤ ਸੰਭਾਲ ਖੇਤਰ ਦੇ ਸੁਧਾਰਾਂ ਵਿੱਚ ਸਰਕਾਰ ਦੀ ਵੱਡੀ ਉਪਲਬੱਧੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਸੂਬੇ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਆਮ ਆਦਮੀ ਕਲੀਨਿਕਾਂ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਜਿਥੇ ਮਰੀਜ਼ ਨੂੰ ਲਗਭਗ 95 ਕਿਸਮ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੇ 41 ਤਰ੍ਹਾਂ ਦੇ ਟੈਸਟ ਵੀ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *