ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ

Amritsar

ਅੰਮ੍ਰਿਤਸਰ 3 ਮਈ 2024 (ਪੰਚਾਇਤ ਬਾਣੀ)- ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਦੇ ਕਿਸਾਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਦੀ ਪੂਰਤੀ ਅਤੇ ਕੁਦਰਤੀ ਸੋਮਿਆਂ ਦੀ ਸੂਝ ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ਵਿੱਚ ਕਿਸਾਨਾ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਵੱਧ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ।ਉਹਨਾਂ ਦਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਥੱਲੇ ਜਾ ਰਿਹਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਕੀਤੀ ਇੱਕ ਖੋਜ ਵਿੱਚ ਦਸਿਆ ਗਿਆ ਹੈ ਕਿ ਪਾਣੀ ਦੀ ਵੱਧ ਵਰਤੋਂ ਹੋਣ ਕਰਕੇ ਝੋਨੇ ਦੀ ਕਾਸ਼ਤ ਸੂਬੇ ਦੇ ਧਰਤੀ ਹੇਠਲੇ ਉਪਲਬੱਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਪੰਜਾਬ ਦੇ ਲਗਭਗ 80% ਰਕਬੇ ਵਿੱਚੋਂ ਲੋੜ ਤੋਂ ਵੱਧ ਪਾਣੀ ਧਰਤੀ ਹੇਠੋਂ ਕਢਿਆ ਜਾ ਰਿਹਾ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀਆਂ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44 ਦੀ ਕਾਸ਼ਤ ਨਾ ਕੀਤੀ ਜਾਵੇ।ਉਹਨਾਂ ਦੱਸਿਆ ਕਿ ਪੂਸਾ 44 ਬਾਕੀ ਕਿਸਮਾਂ ਨਾਲੋਂ ਪੱਕਣ ਵਿੱਚ ਵੱਧ ਸਮਾਂ ਅਤੇ 15-20 ਪ੍ਰਤੀਸ਼ਤ ਵੱਧ ਪਾਣੀ ਲੈਂਦੀ ਹੈ।ਇਸ ਤੋਂ ਇਲਾਵ ਇਸ ਕਿਸਮ ਦੀ ਪਰਾਲੀ ਵੱਧ ਹੋਣ ਕਾਰਨ ਪਰਾਲੀ ਪ੍ਰਬੰਧਨ ਵਿੱਚ ਵੀ ਬਹੁਤ ਮੁਸ਼ਕਿਲਾਂ ਆਉਦੀਆਂ ਹਨ।ਉਹਨਾਂ ਕਿਸਾਨਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਸਿਫਾਰਿਸ਼ ਕੀਤੀਆਂ ਕਿਸਮਾਂ (ਪੀ.ਆਰ. 126, ਪੀ. ਆਰ. 131 ਆਦਿ) ਨੂੰ ਤਰਜੀਹ ਦਿੱਤੀ ਜਾਵੇ ਅਤੇ ਕੇਵਲ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਫਰਿਸ਼ ਸ਼ੁੱਦਾ ਕਿਸਮਾਂ ਦੀ ਕਾਸ਼ਤ ਹੀ ਕੀਤੀ ਜਾਵੇ ਅਤੇ ਗੈਰ ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਤੋਂ ਗੁਰੇਜ਼ ਕੀਤਾ ਜਾਵੇ।

ਉਹਨਾਂ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਕਿਸਮ PUSA 44 ਅਧੀਨ ਰਕਬਾ ਘਟਾਉਣ ਦੇ ਉਪਰਾਲੇ ਕੀਤੇ ਜਾਣ ਅਤੇ ਜਿਲ੍ਹੇ ਦੇ ਬੀਜ ਵਿਕਰੇਤਾਵਾਂ ਨੂੰ ਉੱਕਤ ਕਿਸਮ ਦੀ ਵਿਕਰੀ ਨਾ ਕਰਨ ਦੀ ਹਦਾਇਤ ਕੀਤੀ ਜਾਵੇ, ਜੇਕਰ ਫਿਰ ਵੀ ਕੋਈ ਡੀਲਰ ਇਸ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸੀਡ ਕੰਟਰੋਲ ਆਰਡਰ 1983ਤਹਿਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *