ਹੁਸ਼ਿਆਰਪੁਰ, ਨਵੰਬਰ (ਪੰਚਾਇਤ ਬਾਣੀ)- ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੇ 250ਵੇਂ ਜਨਮ ਦਿਵਸ ਨੂੰ ਸਮਰਪਿਤ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਵਲੋਂ ਵਿਸ਼ਾਲ ਚੇਤਨਾ ਰੈਲੀ ਕੱਢੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੱਢੀ ਗਈ ਇਸ ਚੇਤਨਾ ਰੈਲੀ ਨੂੰ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਕਿਹਾ ਕਿ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਵਲੋਂ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਯਤਨ ਬੇਮਿਸਾਨ ਹਨ। ਉਨ੍ਹਾਂ ਕਿਹਾ ਕਿ ਵਿਧਵਾ ਵਿਆਹ ਨੂੰ ਉਤਸ਼ਾਹਿਤ ਕਰਨ ਅਤੇ ਬਾਲ ਵਿਆਹ ਪ੍ਰਥਾ ਰੋਕਣ ਲਈ ਉਨ੍ਹਾਂ ਨੇ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਅਤੇ ਇਨ੍ਹਾਂ ਮਹਾਨ ਸਮਾਜ ਸੁਧਾਰਾਂ ਸਦਕਾ ਅਜੋਕੇ ਸਮਾਜ ਵਿਚ ਮਹਿਲਾਵਾਂ ਦੁਨੀਆ ਦੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰਕੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸ ਰੈਲੀ ਵਿਚ ਹੁਸ਼ਿਆਰਪੁਰ ਸ਼ਹਿਰ ਦੇ 5 ਸਕੂਲਾਂ ਸਰਕਾਰੀ ਕੰਨਿਆ ਸਕੂਲ ਰੇਲਵੇ ਮੰਡੀ, ਸਰਕਾਰੀ ਸਕੂਲ ਘੰਟਾ ਘਰ, ਸਰਕਾਰੀ ਸਕੂਲ ਖੁਆਸਪੁਰ ਹੀਰਾਂ, ਨਈ ਆਬਾਦੀ ਤੇ ਕਮਾਲਪੁਰ ਸਕੂਲ ਦੀਆਂ 250 ਵਿਦਿਆਰਥਣਾਂ ਤੋਂ ਇਲਾਵਾ ਅਧਿਆਪਕਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਦੀ ਇਸ ਰੈਲੀ ਨੇ ਰਾਜਾ ਰਾਮ ਮੋਹਨ ਰਾਏ ਦੀ ਵਿਚਾਰਧਾਰਾ ਬਾਰੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਨਾਰੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਹ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਮਾਹਿਲਪੁਰ ਅੱਡਾ, ਸੈਸ਼ਨ ਚੌਕ ਤੋਂ ਹੁੰਦੀ ਹੋਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਜਾ ਕੇ ਸਮਾਪਤ ਹੋਈ।
ਇਸ ਮੌਕੇ ਮੁਖੀ ਰਾਮ, ਮਨਦੀਪ ਕੌਰ, ਸੰਤੋਸ਼ ਸੈਣੀ, ਸਵਿਤਾ ਸ਼ਰਮਾ, ਮਨਜੋਤ, ਵਰਿੰਦਰ ਵੈਦ, ਸੁਮੇਸ਼ ਸੋਨੀ ਤੋਂ ਇਲਾਵਾ ਡੀ.ਐਮ. ਸਪੋਰਟਸ ਦਲਜੀਤ ਸਿੰਘ, ਪ੍ਰਿੰਸੀਪਲ ਰਮਨਦੀਪ ਕੌਰ, ਹਰਦੀਪ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਮਰਜੀਤ ਸਿੰਘ, ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਯੋਗੇਸ਼ਵਰ ਸਲਾਰੀਆ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।