ਪਾਣੀ ਦੀ ਬੱਚਤ ਅਤੇ ਫ਼ਸਲੀ ਵਿਭਿੰਨਤਾ ਸਦਕਾ ਹੋਰਨਾਂ ਲਈ ਰਾਹ ਦਿਸੇਰਾ ਬਣਿਆ ਹੰਦੋਵਾਲ ਦਾ ਦਲਵੀਰ ਸਿੰਘ

Hoshiarpur


-2020 ਤੋਂ ਸਫਲਤਾ ਪੂਰਵਕ ਕਰ ਰਿਹੈ ਝੋਨੇ ਦੀ ਸਿੱਧੀ ਬਿਜਾਈ
-25 ਪਿੰਡਾ ਦੇ 800 ਦੇ ਕਰੀਬ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਨਾਲ ਜੋੜਿਆ


ਹੁਸ਼ਿਆਰਪੁਰ, 3 ਮਈ (ਪੰਚਾਇਤ ਬਾਣੀ)- ਪਿੰਡ ਹੰਦੋਵਾਲ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਫ਼ਸਲ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬੱਚਤ ਕਰਨ ਲਈ ਪਿੰਡ ਦੇ ਕਿਸਾਨ ਦਲਵੀਰ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਹੋਏ ਹੋਰ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਕਾਸ਼ਤ ਬਾਬਤ ਗੱਲਬਾਤ ਕੀਤੀ ਗਈ। ਪਿੰਡ ਦੇ ਕਿਸਾਨ ਦਲਵੀਰ ਸਿੰਘ ਪੁੱਤਰ ਹਰਭਜਨ ਨੇ ਦੱਸਿਆ ਕਿ ਉਸ ਵੱਲੋਂ ਸਾਲ 2020 ਦੌਰਾਨ ਤਕਰੀਬਨ 3 ਏਕੜ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਪੂਰਾ ਤਜਰਬਾ ਨਾ ਹੋਣ ਕਾਰਨ ਸਾਲ 2020 ਦੌਰਾਨ ਉਸ ਦਾ ਇਹ ਪ੍ਰਯੋਗ ਅਸਫਲ ਰਿਹਾ। ਫਿਰ ਵੀ ਇਸ ਕਿਸਾਨ ਨੇ ਹਿੰਮਤ ਨਹੀਂ ਹਾਰੀ ਅਤੇ ਸਾਲ 2021 ਵਿਚ ਫਿਰ 3 ਤੋ 5 ਏਕੜ ਰਕਬਾ ਵਧਾ ਕੇ ਬਿਜਾਈ ਕੀਤੀ। ਇਸ ਸਾਲ ਉਸ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਦੇ ਸਹਿਯੋਗ ਨਾਲ ਝੋਨੇ ਦੀ ਫ਼ਸਲ ਵਿਚ ਨਦੀਨਾਂ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਕੇ ਝੋਨੇ ਦੀ ਸਿੱਧੀ ਬਿਜਾਈ ਵਿਚ ਸਫਲਤਾ ਹਾਸਲ ਕੀਤੀ ਗਈ ਅਤੇ 25 ਕੁਇੰਟਲ ਤੋ 27 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ। ਇਸ ਸਾਲ ਤੋਂ ਬਾਅਦ ਸਾਲ 2023 ਤੱਕ ਇਸ ਕਿਸਾਨ ਵੱਲੋਂ ਝੋਨੇ ਦੀ ਸਫਲਤਾ ਪੂਰਵਕ ਕਾਸ਼ਤ ਕੀਤੀ ਗਈ। ਕਿਸਾਨ ਨੇ ਦੱਸਿਆ ਕਿ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ ਕੁਝ ਦਿੱਕਤਾਂ ਜਿਵੇਂ ਕਿ ਨਦੀਨਾਂ ਦੀ ਸਮੱਸਿਆ, ਲੋਹੇ ਦੀ ਘਾਟ ਆਦਿ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਜੇਕਰ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਪੂਰੀ ਜਾਣਕਾਰੀ ਹੋਵੇ, ਤਾਂ ਉਹ ਇਸ ਵਿਧੀ ਨਾਲ ਝੋਨੇ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਆਪਣੇ ਨਜ਼ਦੀਕੀ ਖੇਤੀਬਾੜੀ ਦਫਤਰ ਤੋਂ ਪ੍ਰਾਪਤ ਕਰਨ ਉਪਰੰਤ ਹੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਨੇ ਆਪਣੇ ਤਜ਼ਰਬੇ ਮੁਤਾਬਿਕ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਿਚ ਨਦੀਨਾਂ ਦੀ ਗੰਭੀਰ ਸਮੱਸਿਆ ਆੳਂੁਦੀ ਹੈ, ਪਰ ਖੇਤੀਬਾੜੀ ਵਿਭਾਗ ਵੱਲੋਂ ਸ਼ਿਫਾਰਿਸ਼ ਕੀਤੇ ਨਦੀਨ ਨਾਸ਼ਕਾਂ ਦੀ ਸਮੇਂ-ਸਿਰ ਅਤੇ ਯੋਗ ਢੰਗ ਤਰੀਕੇ ਨਾਲ ਵਰਤੋਂ ਕਰਨ ਨਾਲ ਇਸ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਸ ਵੱਲੋਂ ਦੱਸਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿਧੀ ਨਾਲ ਜੂਨ ਮਹੀਨੇ ਦੀ 1 ਤੋਂ 15 ਤਰੀਕ ਵਿਚਕਾਰ ਕਰਨੀ ਵਧੇਰੇ ਲਾਹੇਵੰਦ ਹੈ। ਖੇਤ ਦੀ ਤਿਆਰੀ ਲਈ ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਨੂੰ ਖਤਮ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਦੋਹਰੀ ਰੋਣੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜਦੋਂ ਖੇਤ ਤਰ-ਵੱਤਰ ਵਿਚ ਆ ਜਾਵੇ, ਤਾਂ ਖੇਤ ਨੂੰ ਟਿਲਰਾਂ ਨਾਲ ਵਾਹ ਕੇ ਦੋ ਤੋਂ ਤਿੰਨ ਵਾਰ ਸੁਹਾਗਾ ਫੇਰਨ ਦੇ ਤੁਰੰਤ ਬਾਅਦ ਸ਼ਾਮ ਜਾਂ ਸਵੇਰ ਦੇ ਸਮੇਂ 8-10 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ ਡੀ. ਐੱਸ. ਆਰ. ਡਰਿੱਲ ਮਸ਼ੀਨ ਰਾਂਹੀ ਬਿਜਾਈ ਕਰ ਦੇਣੀ ਚਾਹੀਦੀ ਹੈ। ਬਿਜਾਈ ਤੋਂ ਇਕ ਦਿਨ ਪਹਿਲਾਂ ਬੀਜ ਨੂੰ 6 ਤੋ 8 ਘੰਟੇ ਪਾਣੀ ਵਿਚ ਡੁਬੋ ਕੇ ਰੱਖਣਾ ਚਾਹੀਦਾ ਹੈ, ਇਸ ਉਪਰੰਤ ਬੀਜ ਨੂੰ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ। ਇਸ ਨਾਲ ਫ਼ਸਲ ਦਾ ਜੰਮ ਵਧੀਆ ਹੁੰਦਾ ਹੈ। ਇਸ ਤਰ ਵੱਤਰ ਵਿਧੀ ਨਾਲ ਬਿਜਾਈ ਕਰਨ ਤੋਂ ਬਾਅਦ ਪਹਿਲਾ ਪਾਣੀ 21 ਦਿਨਾ ਬਾਅਦ ਲਗਾਉਣਾ ਚਾਹੀਦਾ ਹੈ ਅਤੇ ਬਾਅਦ ਵਿਚ ਹਫ਼ਤੇ ਦੇ ਅੰਤਰਾਲ ਤੇ ਲੋੜ ਅਨੁਸਾਰ ਪਾਣੀ ਲਗਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ, ਤਾਂ ਜੋ ਕਿਸੇ ਪ੍ਰਕਾਰ ਦੀ ਸਮੱਸਿਆ ਜਿਵੇਂ ਕਿ ਫ਼ਸਲ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਸਮੇਂ-ਸਿਰ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਪਾਣੀ ਦੀ ਬੱਚਤ ਅਤੇ ਫ਼ਸਲੀ ਵਿਭਿੰਨਤਾ ਕਰਨ ਦੇ ਮੰਤਵ ਨਾਲ ਛਾਬੜਾ ਸਾਇਲੇਜ਼ ਕੰਪਨੀ ਦੀ ਸਹਾਇਤਾ ਨਾਲ ਸਾਇਲੇਜ਼ ਲਈ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸ ਵੱਲੋਂ ਨਾਲ ਲਗਦੇ 25 ਪਿੰਡਾਂ ਦੇ 800 ਦੇ ਕਰੀਬ ਕਿਸਾਨਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਮੱਕੀ ਦੀ ਫ਼ਸਲ ਲਈ ਵਧੀਆ ਮੁੱਲ ਮਿਲਦਾ ਹੈ।
ਇਸ ਮੌਕੇ ਦਲਵੀਰ ਸਿੰਘ ਨਾਲ ਜੁੜੇ ਕਿਸਾਨ ਸੰਤੋਖ ਸਿੰਘ, ਬਲਵੀਰ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ, ਹਰੀਸ਼ ਅਤੇ ਗੁਰਮੁੱਖ ਸਿੰਘ ਅਤੇ ਹੋਰ ਕਿਸਾਨ ਵੀ ਮੌਜੂਦ ਸਨ।

Leave a Reply

Your email address will not be published. Required fields are marked *