ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੀ ਸਵੱਛ ਉਤਸਵ ਮੁਹਿੰਮ ਤਹਿਤ ਅੱਜ ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਤੋਂ ਸਵੱਛ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮਸ਼ਾਲ ਮਾਰਚ ਵਿਚ ਖਾਸ ਕਰਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਹ ਮਸ਼ਾਲ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਨਗਰ ਨਿਗਮ ਦਫ਼ਤਰ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਰੰਖਣ ਵਿਚ ਨਗਰ ਨਿਮਮ ਦਾ ਸਾਥ ਦਣ ਅਤੇ ਆਪਣੇ ਘਰਾਂ ਦਾ ਕੂੜਾ ਵੱਖ-ਵੱਖ (ਗਿੱਲਾ ਅਤੇ ਸੁੱਕਾ) ਕਰ ਕੇ ਹੀ ਆਪਣੇ ਸਫ਼ਾਈ ਸੇਵਕ ਨੂੰ ਦੇਣ ਅਤੇ ਘਰ ਦਾ ਕੂੜਾ ਬਾਹਰ ਨਾ ਸੁੱਟਣ। ਉਨ੍ਹਾਂ ਕਿਹਾ ਕਿ ਕੂੁੜੇ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਇਸ ਨਾਲ ਸ਼ਹਿਰ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਵਾਤਾਵਰਨ ’ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਅਤੇ ਕਿਸੇ ਵੀ ਚੀਜ਼ ਦੀ ਖ਼ਰੀਦ ਕਰਨ ਸਮੇਂ ਕੱਪੜੇ ਜਾਂ ਜੂਟ ਦੇ ਥੈਲੇ ਆਪਣੇ ਘਰਾਂ ਤੋਂ ਲੈ ਕੇ ਜਾਣ ਦੀ ਅਪੀਲ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਅਤੇ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਸਮੂਹ ਦਫ਼ਤਰੀ ਸਟਾਫ ਵੀ ਮੌਜੂਦ ਰਿਹਾ।