ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਕੀਤਾ ਜਾਵੇ ਸਨਮਾਨਿਤ : ਸੁਰਿੰਦਰ ਅਗਰਵਾਲ

Uncategorized

ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਸੂਬਾ ਪ੍ਰਧਾਨ ਸੁਰਿੰਦਰ ਅਗਰਵਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਸੁਤੰਤਰਤਾ ਸੰਗਰਾਮ ਦੇ ਮਹਾਨਾਇਕ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸੂਬਾ ਪ੍ਰਧਾਨ ਸੁਰਿੰਦਰ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਭਾਰਤ ਦੇ ਪ੍ਰਮੁੱਖ ਸੁਤੰਰਤਤਾ ਸੈਨਾਨੀਆਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਪਰੰਤੂ ਹੁਣ ਸਮਾਂ ਆ ਗਿਆ ਹੈ ਕਿ ਸ਼ੇਰ-ਏ-ਪੰਜਾਬ ਵਜੋਂ ਜਾਣੇ ਜਾਂਦੇ ਅਤੇ ‘ਸਾਈਮਨ ਕਮਿਸ਼ਨ ਗੋ ਬੈਕ’ ਅੰਦੋਲਨ ਦੀ ਅਗਵਾਈ ਕਰਦਿਆਂ ਅੰਗਰੇਜ਼ਾਂ ਦੀਆਂ ਲਾਠੀਆਂ ਨਾਲ ਆਪਣੇ ਪ੍ਰਾਣ ਗੁਆਉਣ ਵਾਲੇ ਲਾਲਾ ਲਾਜਪਤ ਰਾਏ ਨੂੰ ਆਜ਼ਾਦੀ ਕੇ ਅੰਮ੍ਰਿਤ ਮਹਾਉਤਸਵ ਵਰ੍ਹੇ ਮੌਕੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਲਾਲਾ ਲਾਜਪਤ ਰਾਏ ਦੇ ਬਲੀਦਾਨ ਨੇ ਇਸ ਦੇਸ਼ ਦੀ ਆਜ਼ਾਦੀ ਪ੍ਰਤੀ ਨੌਜਵਾਨਾਂ ਵਿਚ ਜਨੂਨ ਪੈਦਾ ਕਰਨ ਦਾ ਕੰਮ ਕੀਤਾ ਸੀ।
ਸੁਰਿੰਦਰ ਅਗਰਵਾਲ ਨੇ ਕਿਹਾ ਕਿ ਲਾਲਾ ਜੀ ਨਾ ਕੇਵਲ ਇਕ ਸੁਤੰਤਰਤਾ ਸੈਨਾਨੀ ਸਨ ਬਲਕਿ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗ ਦੀ ਮਦਦ ਕਰਨ ਵਿਚ ਵੀ ਹਮੇਸ਼ਾ ਅੱਗੇ ਰਹਿੰਦੇ ਸਨ। ਉਨ੍ਹਾਂ 1897 ਅਤੇ 1899 ਵਿਚ ਆਏ ਭੀਸ਼ਣ ਕਾਲ ਦੌਰਾਨ ਲੋਕਾਂ ਦੀ ਉਸ ਸਮੇਂ ਅੱਗੇ ਵੱਧ ਕੇ ਸਹਾਇਤਾ ਕੀਤੀ ਜਦੋਂ ਅੰਗਰੇਜ਼ ਸਰਕਾਰ ਨੇ ਲੋਕਾਂ ਨੂੰ ਭੁੱਖਾ ਮਰਨ ਲਈ ਛੱਡ ਦਿੱਤਾ ਸੀ। ਇਸ ਤੋਂ ਇਲਾਵਾ 1905 ਵਿਚ ਬੰਗਾਲ ਵੰਡ ਦੇ ਫੈਸਲੇ ਦਾ ਵਿਰੋਧ ਕਰਨ ਲਈ ਉਨ੍ਹਾਂ ਜ਼ੋਰਦਾਰ ਅੰਦੋਲਨ ਚਲਾਇਆ। ਉਨ੍ਹਾਂ ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਖਿਲਾਫ਼ ਪੂਰੀ ਦੁਨੀਆ ਇਕਜੁੱਟ ਕਰਨ ਦਾ ਕੰਮ ਕੀਤਾ। ਇੰਨਾ ਹੀ ਨਹੀਂ ਲਾਲਾ ਲਾਜਪਤ ਰਾਏ ਨੇ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਦੇਸ਼ ਵਿਚ ਡੀ.ਏ.ਵੀ. ਸੰਸਥਾਵਾਂ ਦੀ ਲੜੀ ਸਥਾਪਿਤ ਕਰਨ ਦਾ ਕੰਮ ਵੀ ਆਰੰਭ ਕੀਤਾ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਅਖਿਲ ਭਾਰਤੀ ਅਗਰਵਾਲ ਸੰਮੇਲਨ ਭਾਰਤ ਸਰਕਾਰ ਅੱਗੇ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਰਸਮੀ ਤੌਰ ’ਤੇ ਪੇਸ਼ ਕਰਦਾ ਹੈ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਤੇ ਜਾਣ ਵਾਲੇ ਸਨਮਾਨਾਂ ਦੀ ਸੂਚੀ ਵਿਚ ਸਭ ਤੋਂ ਮੂਹਰੇ ਭਾਰਤ ਰਤਨ ਦੇ ਰੂਪ ਵਿਚ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਦਾ ਨਾਂ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਲਈ ਜਿਊਣ ਮਰਨ ਦੀ ਪ੍ਰੇਰਨਾ ਮਿਲੇਗੀ।

Leave a Reply

Your email address will not be published. Required fields are marked *