ਥਾਣਾ ਬੁੱਲ੍ਹੋਵਾਲ ਦੇ ਪਿੰਡ ਸਾਦਾਰਾਈਆਂ ਵਿਖੇ ਲੰਘੇ ਦਿਨੀਂ ਹੋਈ ਨੌਜਵਾਨ ਦੀ ਮੌਤ ਸਬੰਧੀ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨਜੀਤ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਮੋਹਣ ਲਾਲ ਵਾਸੀ ਸਾਦਾਰਾਈਆਂ ਜੋ ਕਿ ਲੰਘੀ 11 ਫਰਵਰੀ ਨੂੰ ਘਰੋਂ ਲਾਪਤਾ ਹੋਇਆ ਸੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ 15 ਫਰਵਰੀ ਨੂੰ ਨੇੜਲੇ ਪਿੰਡ ਦੇ ਚੋਅ ਦੇ ਬੰਨ੍ਹ ’ਤੋਂ ਮਿਲੀ ਸੀ। ਲੇਕਿਨ ਕਰੀਬਨ ਦੋ ਹਫ਼ਤੇ ਬੀਤਣ ਤੋਂ ਬਾਅਦ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ। ਮਨਜੀਤ ਬਾਲੀ ਨੇ ਇਸ ਮਾਮਲੇ ਨੂੰ ਲੈ ਕੇ ਥਾਣਾ ਬੁੱਲ੍ਹੋਵਾਲ ਦੇ ਸਬੰਧਿਤ ਆਈਓ ਨਾਲ ਵੀ ਗੱਲਬਾਤ ਕਰਕੇ ਤਾਜ਼ਾ ਸਥਿਤੀ ਦੀ ਜਾਣਕਾਰੀ ਲਈ। ਮਨਜੀਤ ਬਾਲੀ ਨੇ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਹਰੇਕ ਨਾਗਰਿਕ ਦੇ ਇਨਸਾਫ਼ ਲਈ ਖੜ੍ਹੀ ਹੈ ਤੇ ਉਹ ਇਹ ਮਾਮਲੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਵੀ ਧਿਆਨ ਵਿੱਚ ਲਿਆਉਣਗੇ । ਇਸ ਮੌਕੇ ਮਲਕੀਤ ਸਿੰਘ, ਬਲਵਿੰਦਰ ਟੂਰਾ ਸਾਬਕਾ ਸਰਪੰਚ ਗਗਨੌਲੀ, ਅਜੀਤ ਸਿੰਘ, ਰਣਜੀਤ ਕੁਮਾਰ ਬਬਲੂ, ਸਤਪਾਲ ਸਿੰਘ, ਸਤਪਾਲ ਜਖੂ, ਬਲਵਿੰਦਰਜੀਤ ਸਰਪੰਚ ਤੱਲ੍ਹਣ, ਨਿਰਮਲ ਦਾਸ ਚਾਹਲ, ਬਲਵਿੰਦਰ ਸਿੰਘ ਬਾਲੂ ਆਦਿ ਵੀ ਹਾਜ਼ਰ ਸਨ।