ਹੁਸ਼ਿਆਰਪੁਰ ਨੂੰ ਸੁੰਦਰ ਤੇ ਸਵੱਛ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ : ਬ੍ਰਮ ਸ਼ੰਕਰ ਜਿੰਪਾ

Punjab

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਦੇਸ਼ ਦੇ ਸਾਫ਼-ਸੁਥਰੇ ਸ਼ਹਿਰਾਂ ਦੀ ਸ਼ੇ੍ਰਣੀ ਵਿਚ ਸ਼ਾਮਿਲ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਜੰਗੀ ਪੱਧਰ ’ਤੇ ਅਭਿਆਨ ਚਲਾਇਆ ਗਿਆ ਹੈ, ਪਰੰਤੂ ਨਗਰ ਨਿਗਮ ਦਾ ਇਹ ਉਪਰਾਲਾ ਤਾਂ ਹੀ ਕਾਮਯਾਬ ਹੋ ਸਕਦਾ ਹੈ, ਜਦ ਸ਼ਹਿਰ ਵਾਸੀ ਪੂਰਾ ਸਹਿਯੋਗ ਦੇਣ। ਉਹ ਅੱਜ ਧੋਬੀ ਘਾਟ ਚੌਕ ’ਤੇ ਹੁਸ਼ਿਆਰਪੁਰ ਸ਼ਹਿਰ ਵਿਚ ਗੁਜਰ ਰਹੇ ਭੰਗੀ ਚੋਅ ਨੂੰ ਸਾਫ਼ ਕਰਨ ਤੇ ਕੂੜੇ ਤੋਂ ਮੁਕਤ ਕਰਨ ਲਈ ਚਲਾਏ ਗਏ ਅਭਿਆਨ ਦੀ ਸ਼ੁਰੂਆਤ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪੌਦਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸ਼ੁਰੂ ਕੀਤੇ ਗਏ ਉਪਰਾਲੇ ਦੇ ਪਹਿਲੇ ਪੜਾਅ ਵਿਚ ਭੰਗੀ ਚੋਅ ਤੇ ਉਸ ਦੇ ਆਸ-ਪਾਸ 24 ਫਰਵਰੀ ਤੱਕ ਸਫ਼ਾਈ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 15 ਦਿਨਾਂ ਤੱਕ ਚੱਲਣ ਵਾਲੇ ਇਸ ਅਭਿਆਨ ਤੋਂ ਬਾਅਦ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵੀ ਜਨਤਾ ਦੀ ਹਿੱਸੇਦਾਰੀ ਨਾਲ ਇਹ ਅਭਿਆਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਅਭਿਆਨ ਦੇ ਪਹਿਲੇ ਦਿਨ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਸ਼ਹਿਰ ਦੇ ਐਨ.ਜੀ.ਓਜ਼ ਅਤੇ ਆਮ ਜਨਤਾ ਵਲੋਂ ਇਸ ਸਫਾਈ ਅਭਿਆਨ ਵਿਚ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੰਗੀ ਚੋਅ ਉਹ ਏਰੀਆ ਹੈ, ਜਿਥੋਂ ਲੋਕ ਹਿਮਾਚਲ ਅਤੇ ਹੋਰ ਜ਼ਿਲਿ੍ਹਆਂ ਨੂੰ ਜਾਣ ਲਈ ਗੁਜ਼ਰਦੇ ਹਨ, ਪਰੰਤੂ ਕੂੜੇ ਦੇ ਢੇਰ ਕਾਰਨ ਸ਼ਹਿਰ ਦਾ ਅਕਸ ਇਥੋਂ ਗੁਜ਼ਰਨ ਵਾਲਿਆਂ ਸਾਹਮਣੇ ਬਹੁਤ ਖਰਾਬ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਪਣੇ ਪੱਧਰ ’ਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਵਚਨਬੱਧ ਹੈ, ਪਰੰਤੂ ਇਸ ਵਿਚ ਆਮ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਬਿਨਾਂ ਲੋਕਾਂ ਦੇ ਸਹਿਯੋਗ ਨਾਲ ਕਿਸੇ ਵੀ ਅਭਿਆਨ ਨੂੰ ਸਫ਼ਲ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਅਭਿਆਨ ਵਿਚ ਨਗਰ ਨਿਗਮ ਦੇ ਸਹਿਯੋਗ ਲਈ ਵਣ ਵਿਭਾਗ, ਡਰੇਨੇਜ ਵਿਭਾਗ, ਬੀ.ਐਸ.ਐਫ. ਖੜਕਾਂ ਦੇ ਵਲੰਟੀਅਰ, ਐਨ.ਐਸ.ਐਸ. ਵਲੰਟੀਅਰ, ਸਿਵਲ ਸੋਸਾਇਟੀਆਂ, ਐਨ.ਜੀ.ਓਜ਼ ਪੂਰਨ ਸਹਿਯੋਗ ਕਰ ਰਹੇ ਹਨ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਫ਼ਾਈ ਅਭਿਆਨ ਤਹਿਤ ਭੰਗੀ ਚੋਅ ਦੀਆਂ ਦੋਵੇਂ ਸਾਈਡਾਂ ’ਤੇ ਪਏ ਕੂੜੇ ਨੂੰ ਸਾਫ਼ ਕਰਨ ਤੋਂ ਬਾਅਦ ਪੌਦੇ ਲਗਾਏ ਜਾਣਗੇ। ਉਨ੍ਹਾਂ ਹÇੁਸਆਰਪੁਰ ਵਾਸੀਆਂ, ਸ਼ਹਿਰ ਦੀਆਂ ਵੱਖ-ਵੱਖ ਸੋਸਾਇਟੀਆਂ, ਐਨ.ਜੀ.ਓਜ਼, ਰੈਜ਼ੀਡੈਂਸ ਵੈਲਫੇਅਰ ਸੋਸਾਇਟੀਆਂ, ਸਕੂਲਾਂ ਤੇ ਕਾਲਜਾਂ ਨੂੰ ਇਸ ਅਭਿਆਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਫ਼ਾਈ ਅਭਿਆਨ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ, ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾ ਸਕੀਏ।
ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਸ ਸਫ਼ਾਈ ਅਭਿਆਨ ਵਿਚ ਨਗਰ ਨਿਗਮ ਦੇ ਸਮੂਹ ਕੌਂਸਲਰ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਅਭਿਆਨ ਭੰਗੀ ਚੋਅ ਦੀ ਸਫ਼ਾਈ ਤੋਂ ਬਾਅਦ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਲੋਕਾਂ ਦੇ ਸਹਿਯੋਗ ਨਾਲ ਚੱਲਦਾ ਰਹੇਗਾ।
ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਕਿਹਾ ਕਿ ਭੰਗੀ ਚੋਅ ਦੀ ਸਫ਼ਾਈ ਨੂੰ ਲੈ ਕੇ ਨਗਰ ਨਿਗਮ ਵਲੋਂ ਇਹ ਯਤਨ ਸ਼ੁਰੂ ਕੀਤੇ ਗਏ ਹਨ, ਜਿਸ ਵਿਚ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 8 ਫਰਵਰੀ ਨੂੰ ਊਨਾ ਰੋਡ ਤੋਂ ਨਗਰ ਨਿਗਮ ਦਫ਼ਤਰ ਤੱਕ ਸਫ਼ਾਈ ਅਭਿਆਨ ਚਲਾਇਆ ਜਾਵੇਗਾ। ਇਸੇ ਤਰ੍ਹਾਂ 9 ਤੇ 10 ਫਰਵਰੀ ਨੂੰ ਧੋਬੀ ਘਾਟ ਤੋਂ ਆਦਮਵਾਲ ਰੋਡ ਤੱਕ, 11 ਤੇ 12 ਫਰਵਰੀ ਨੂੰ ਧੋਬੀ ਘਾਟ ਚੌਕ ਤੋਂ ਸ਼ਨੀ ਦੇਵ ਮੰਦਿਰ ਤੱਕ, 13 ਤੇ 14 ਫਰਵਰੀ ਨੂੰ ਨਵੀਂ ਆਬਾਦੀ ਤੋਂ ਸੁਖੀਆਬਾਦ ਰੋਡ ਪੁਲ ਤੱਕ, 15 ਤੇ 16 ਫਰਵਰੀ ਨੂੰ ਸ਼ਨੀ ਦੇਵ ਮੰਦਿਰ ਤੋਂ ਭੰਗੀ ਪੁਲ ਤੱਕ, 17, 18 ਤੇ 19 ਫਰਵਰੀ ਨੂੰ ਸੁਖਦੇਵ ਸਿੰਘ ਚੌਕ ਤੋਂ ਆਦਮਵਾਲ ਪੁਲੀ ਤੱਕ, 20 ਤੇ 21 ਫਰਵਰੀ ਨੂੂੰ ਭੰਗੀ ਚੋਅ ਪੁਲ ਤੋਂ ਸਲਾਟਰ ਹਾਊਸ ਤੱਕ ਅਤੇ 22 ਤੋਂ 24 ਫਰਵਰੀ ਤੱਕ ਸਲਾਟਰ ਹਾਊਸ ਤੋਂ ਟਾਂਡਾ ਰੋਡ ਪੁਲ ਤੱਕ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਸ-ਪਾਸ ਸਫਾਈ ਰੱਖ ਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਸਹਿਯੋਗ ਕਰਨ ਅਤੇ ਖੁੱਲ੍ਹੇ ਵਿਚ ਕੂੜਾ ਨਾ ਸੁੱਟਣ। ਇਸ ਮੌਕੇ ਡੀ.ਐਫ.ਓ ਅਮਨੀਤ ਸਿੰਘ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਕੌਂਸਲਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *