ਜਲ ਸਪਲਾਈ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ 6 ਫ਼ਰਵਰੀ ਨੂੰ ਲੱਗੇਗਾ ਆਨਲਾਈਨ ਜਨਤਾ ਦਰਬਾਰ

Punjab

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਜਿਲ੍ਹਾ ਪਠਾਨਕੋਟ ਦੇ ਮੰਡਲ ਅਧਿਕਾਰੀ ਸ੍ਰੀ ਮਹੇਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਪਿੰਡਾਂ ’ਚ ਜਲ ਸਪਲਾਈ ਨਾਲ ਅਤੇ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਦੇ ਢੁਕਵੇਂ ਹੱਲ ਲਈ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਲਈ ਹਰ 15 ਦਿਨਾਂ ਬਾਅਦ ਜਨਤਾ ਦਰਬਾਰ ਲਾਇਆ ਜਾਵੇਗਾ ਜਿਸ ਦੇ ਆਰੰਭ ਵਜੋਂ ਉਹ 6 ਫ਼ਰਵਰੀ ਸਵੇਰੇ 11:30 ਵਜੇ ਤੋਂ ਦੁਪਹਿਰ 2 ਵਜੇ ਤੱਕ ਆਨਲਾਈਨ ਮਾਧਿਅਮ ਰਾਹੀਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ।


ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਤ ਨਾਗਰਿਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਟੋਲ ਫ੍ਰੀ ਨੰਬਰ 1800-180-2468 ਜਾਂ ਈ ਮੇਲ ਰਾਹੀਂ  dwsssnkhelpdesk@gmail.com   ਜਾਂ ਵਿਭਾਗ ਦੀ ਵੈਬਸਾਈਟ  https://dwss.punjab.gov.in/citizencorner    ’ਤੇ ਜਾ ਕੇ ਰਜਿਸਟਰ ਆਨਲਾਈਨ ਕੰਪਲੇਂਟ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।


ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਜਨਤਾ ਦਰਬਾਰ ਵਿਭਾਗ ਦੇ ਮੁੱਖ ਦਫ਼ਤਰ ਨਾਲ ਸਬੰਧਤ ਅਧਿਕਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਦੇ ਨਾਲ ਮੌਜੂਦ ਰਹਿਣਗੇ ਜਦਕਿ ਨਿਗਰਾਨ ਇੰਜੀਨੀਅਰ ਅਤੇ ਮੰਡਲ ਇੰਜੀਨੀਅਰ (ਐਕਸੀਅਨ) ਆਪੋ-ਆਪਣੇ ਮੰਡਲ ਦਫ਼ਤਰ ਤੋਂ ਆਨਲਾਈਨ ਜੁੜਨਗੇ।


ਉਨ੍ਹਾਂ ਕਿਹਾ ਕਿ ਇਸ ਜਨਤਾ ਦਰਬਾਰ ਵਿੱਚ ਟੋਲ ਫ੍ਰੀ ਨੰਬਰ, ਈ-ਮੇਲ ਅਤੇ ਵੈਬਸਾਈਟ ’ਤੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਸ ਤੋਂ ਬਾਅਦ ਜੇਕਰ ਕੋਈ ਮੌਕੇ ’ਤੇ ਸ਼ਿਕਾਇਤ ਆਉਂਦੀ ਹੈ ਤਾਂ ਉਸ ਦਾ ਨਿਪਟਾਰਾ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦੇ 6 ਫ਼ਰਵਰੀ ਨੂੰ ਲੱਗਣ ਵਾਲੇ ਪਹਿਲੇ ਜਨਤਾ ਦਰਬਾਰ ਲਈ ਆਪਣੀਆਂ ਸ਼ਿਕਾਇਤਾਂ ਸਮੇਂ ਸਿਰ ਦਰਜ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਢੁਕਵਾਂ ਨਿਪਟਾਰਾ ਹੋ ਸਕੇ।

Leave a Reply

Your email address will not be published. Required fields are marked *